ਕੋਈ ਮਜ਼ਦੂਰ ਭੁੱਖਾ ਨਾ ਰਹੇ, ਇਸ ਲਈ 1 ਰੁਪਏ ਵਿਚ ਇਡਲੀ ਵੇਚ ਰਹੀ ਹੈ ਇਹ ਬੇਬੇ
ਲੌਕਡਾਊਨ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਨਵੀਂ ਦਿੱਲੀ: ਲੌਕਡਾਊਨ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਚੀਜ਼ਾਂ ਦੀ ਕੀਮਤ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ ਤਾਂ ਦੂਜੇ ਪਾਸੇ ਤਾਮਿਲਨਾਡੂ ਦੇ ਕੋਇੰਬਟੂਰ ਵਿਚ ਇਕ 85 ਸਾਲਾ ਔਰਤ ਇਡਲੀ ਨੂੰ 1 ਰੁਪਏ ਵਿਚ ਵੇਚ ਰਹੀ ਹੈ।
ਇਸ ਔਰਤ ਦਾ ਨਾਮ ਕਮਲਾਥਲ ਹੈ। ਉਹ ਪਿਛਲੇ 30 ਸਾਲਾਂ ਤੋਂ 1 ਰੁਪਏ ਵਿਚ ਇਡਲੀ ਵੇਚ ਰਹੀ ਹੈ। ਗੱਲਬਾਤ ਦੌਰਾਨ ਕਮਲਾਥਲ ਨੇ ਕਿਹਾ, ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਸਥਿਤੀ ਥੋੜੀ ਗੰਭੀਰ ਹੈ, ਪਰ ਮੇਰੀ ਪੂਰੀ ਕੋਸ਼ਿਸ਼ ਹੈ ਕਿ ਇਕ ਰੁਪਏ ਵਿਚ ਇਡਲੀ ਦਿੱਤੀ ਜਾਵੇ'।
ਉਹਨਾਂ ਕਿਹਾ, 'ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਕੋਰੋਨਾ ਵਾਇਰਸ ਕਾਰਨ ਲੌਕਡਾਊਨ ਵਿਚ ਫਸ ਗਏ ਹਨ। ਇਸ ਲਈ ਮੌਜੂਦਾ ਸਮੇਂ ਵਧੇਰੇ ਲੋਕ ਖਾਣੇ ਲਈ ਆ ਰਹੇ ਹਨ। ਅਜਿਹੀ ਸਥਿਤੀ ਵਿਚ ਮੈਂ ਉਹਨਾਂ ਨੂੰ 1 ਰੁਪਏ ਵਿਚ ਇਡਲੀ ਦੇ ਰਹੀ ਹਾਂ, ਤਾਂ ਜੋ ਉਹ ਲੋਕ ਆਪਣਾ ਢਿੱਡ ਭਰ ਸਕਣ।
ਇਸ ਬਜ਼ੁਰਗ ਔਰਤ ਦੀ ਕਹਾਣੀ ਪਿਛਲੇ ਸਾਲ ਹੀ ਸਾਹਮਣੇ ਆਈ ਸੀ। ਪਿਛਲੇ ਸਾਲ ਉਹਨਾਂ ਵੱਲੋਂ ਵੇਚੀ ਜਾਣ ਵਾਲੀ ਇਡਲੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਸੀ। ਇਸ ਬੇਬੇ ਦਾ ਜਜ਼ਬਾ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਕਿਸੇ ਦੀ ਮਦਦ ਕਰਨ ਲਈ ਉਮਰ ਕੋਈ ਮਾਇਨੇ ਨਹੀਂ ਰੱਖਦੀ। ਇਸ ਦੌਰਾਨ ਇਸ ਔਰਤ ਦੀ ਮਦਦ ਲਈ ਵੀ ਕਈ ਲੋਕ ਅੱਗੇ ਆ ਰਹੇ ਹਨ।