ਪੈਨਸ਼ਨਰਾਂ ਲਈ ਆਈ ਵੱਡੀ ਖ਼ਬਰ, ਹੁਣ ਘਰ ਬੈਠੇ ਹੀ ਮਿਲੇਗੀ ਇਹ ਸਰਵਿਸ!

ਏਜੰਸੀ

ਖ਼ਬਰਾਂ

ਪੈਨਸ਼ਨਰਾਂ ਨੂੰ ਮਿਲੇਗੀ 'ਡੋਰ ਸਟੈਂਡ' ਸਰਵਿਸ

file photo

ਨਵੀਂ ਦਿੱਲੀ : ਤੁਸੀਂ ਖੁਦ ਪੈਨਸ਼ਨ 'ਤੇ ਆਏ ਹੋ ਜਾਂ ਤੁਹਾਡੇ ਘਰ 'ਚ ਕੋਈ ਪੈਨਸ਼ਨ ਲੈਂਦਾ ਹੈ ਤਾਂ ਹੁਣ 'ਲਾਈਫ ਸਰਟੀਫਿਕੇਟ' ਜਮ੍ਹਾਂ ਕਰਵਾਉਣ ਦੀ ਪ੍ਰੇਸ਼ਾਨੀ ਦਾ ਹੱਲ ਹੋਣ ਜਾ ਰਿਹਾ ਹੈ। ਪੈਨਸ਼ਨਰ ਹੁਣ ਘਰ ਬੈਠੇ 'ਡੋਰ ਸਟੈੱਪ' ਸਰਵਿਸ ਵੀ ਲੈ ਸਕਣਗੇ। ਪੈਨਸ਼ਨਰਾਂ ਨੂੰ ਹਰ ਸਾਲ 30 ਨਵੰਬਰ ਤੱਕ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣ 'ਚ ਮੁਸ਼ਕਲ ਹੋਣ ਕਾਰਨ ਉਨ੍ਹਾਂ ਨੂੰ ਪੈਨਸ਼ਨ ਬੰਦ ਹੋਣ ਦਾ ਡਰ ਰਹਿੰਦਾ ਹੈ।

ਇਸ ਲਈ ਪੈਨਸ਼ਨ ਤੇ ਪੈਨਸ਼ਨਰਜ਼ ਵੈਲਫ਼ੇਅਰ ਵਿਭਾਗ ਨੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਹੁਕਮ ਦਿਤਾ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਚਾਰ ਵਾਰ ਪੈਨਸ਼ਨਰਾਂ ਨੂੰ ਐਸ. ਐਮ. ਐਸ./ਈਮੇਲ ਰਾਹੀਂ ਰਿਮਾਈਂਡਰ ਭੇਜਣ ਤੇ ਨਾਲ ਹੀ ਇਹ ਵੀ ਪੁੱਛਣ ਕਿ ਕੀ ਉਨ੍ਹਾਂ ਨੂੰ ਡੋਰ ਸਟੈੱਪ ਸਰਵਿਸ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਹਰ ਸਾਲ ਬਹੁਤ ਸਾਰੇ ਪੈਨਸ਼ਨਰ ਕਿਸੇ ਨਾ ਕਿਸੇ ਕਾਰਨ 30 ਨਵੰਬਰ ਤਕ ਲਾਈਫ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾ ਪਾਉਂਦੇ, ਜਿਸ ਕਾਰਨ ਉਨ੍ਹਾਂ ਦੀ ਪੈਨਸ਼ਨ ਰੁਕ ਜਾਂਦੀ ਹੈ ਤੇ ਦੁਬਾਰਾ ਸ਼ੁਰੂ ਕਰਾਉਣ ਲਈ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੈਨਸ਼ਨਰਾਂ ਦੀ ਸਹੂਲਤ ਵਧਾਉਣ ਤੇ ਜੀਵਨ ਸਰਟੀਫਿਕੇਟ ਜਾਰੀ ਨਾ ਕੀਤੇ ਜਾਣ ਦੇ ਮਾਮਲਿਆਂ ਨੂੰ ਘੱਟ ਕਰਨ ਅਤੇ ਨਿਰਵਿਘਨ ਪੈਨਸ਼ਨ ਯਕੀਨੀ ਬਣਾਉਣ ਲਈ ਵਿਭਾਗ ਨੇ ਇਕ ਸਰਕੂਲਰ 'ਚ ਬੈਂਕਾਂ ਨੂੰ ਹਰ ਸਾਲ ਨਿਰਧਾਰਤ ਮਿਤੀ ਤੋਂ ਪਹਿਲਾਂ 24 ਅਕਤੂਬਰ, 1 ਨਵੰਬਰ, 15 ਨਵੰਬਰ ਤੇ 25 ਨਵੰਬਰ ਨੂੰ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣ ਸੰਬੰਧੀ ਪੈਨਸ਼ਨਰਾਂ ਨੂੰ ਐਸ. ਐਮ. ਐਸ. ਤੇ ਈਮੇਲ ਜ਼ਰੀਏ ਯਾਦ ਦਿਵਾਉਣ ਲਈ ਕਿਹਾ ਹੈ।

ਮਾਰਚ 2019 ਤਕ ਦੇ ਡਾਟਾ ਮੁਤਾਬਕ ਸਿਵਲ, ਰੱਖਿਆ, ਦੂਰਸੰਚਾਰ, ਰੇਲਵੇ ਤੇ ਡਾਕ ਵਿਭਾਗ ਸਮੇਤ ਕੇਂਦਰ ਸਰਕਾਰ ਦੇ ਪੈਨਸ਼ਨਰਾਂ ਦੀ ਕੁਲ ਗਿਣਤੀ 65,32,465 ਹੈ।