ਕੋਰੋਨਾ ਵਾਇਰਸ ਕਾਰਨ ਟਲ ਸਕਦਾ ਹੈ Olympic ਖੇਡਾਂ ਦਾ ਅਯੋਜਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਕਾਰਨ ਇਸ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ‘ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ।

Photo

 ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਇਸ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ‘ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਟੋਕੀਓ ਓਲੰਪਿਕ ਖੇਡਾਂ ਦੇ ਅਯੋਜਕ ਹੁਣ ਖੇਡਾਂ ਦੀ ਸ਼ੁਰੂਆਤ ਦੀ ਤਰੀਕ ਨੂੰ ਅੱਗੇ ਵਧਾਉਣ ‘ਤੇ ਵਿਚਾਰ ਕਰ ਰਹੇ ਹਨ। ਨਿਊਜ਼ ਏਜੰਸੀ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ।

ਐਲਾਨੇ ਗਏ ਪ੍ਰੋਗਰਾਮ ਮੁਤਾਬਕ ਟੋਕਿਓ ਓਲੰਪਿਕ ਦਾ ਅਯੋਜਨ 24 ਜੁਲਾਈ ਤੋਂ 9 ਅਗਸਤ ਵਿਚਕਾਰ ਹੋਣਾ ਹੈ। ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਖੇਡ ਅਯੋਜਨ ਪ੍ਰਭਾਵਿਤ ਹੋਏ ਹਨ। ਲਗਭਗ ਸਾਰੇ ਵੱਡੇ ਖੇਡ ਪ੍ਰੋਗਰਾਮਾਂ ਦੀਆਂ ਤਰੀਕਾਂ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਪਰ ਹੁਣ ਤੱਕ ਟੋਕੀਓ ਓਲੰਪਿਕ ਦੇ ਅਯੋਜਕਾਂ ਦਾ ਕਹਿਣਾ ਹੈ ਕਿ ਪ੍ਰੋਗਰਾਮ ਤੈਅ ਸਮੇਂ ‘ਤੇ ਹੀ ਸ਼ੁਰੂ ਹੋਣਗੇ।

ਹਾਲਾਂਕਿ ਅਯੋਜਕਾਂ ‘ਤੇ ਖੇਡਾਂ ਵਿਚ ਹਿੱਸਾ ਲੈਣ ਵਾਲੇ ਦੇਸ਼ ਤਰੀਕਾਂ ਨੂੰ ਅੱਗੇ ਵਧਾਉਣ ਲਈ ਦਬਾਅ ਪਾ ਰਹੇ ਹਨ। ਦੁਨੀਆ ਭਰ ਵਿਚ ਦਬਾਅ ਦਾ ਸਾਹਮਣਾ ਕਰਨ ਤੋਂ ਬਾਅਦ ਓਲੰਪਿਕ ਖੇਡਾਂ ਦੇ ਅਯੋਜਕਾਂ ਨੇ ਖੇਡਾਂ ਦੀਆਂ ਤਰੀਕਾਂ ਨੂੰ ਅੱਗੇ ਵਧਾਉਣ ਦੇ ਵਿਕਲਪਾਂ ‘ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਏਜੰਸੀ ਨੇ ਇਹ ਦਾਅਵਾ ਸੂਤਰਾਂ ਦੇ ਹਵਾਲੇ ਨਾਲ ਕੀਤਾ ਹੈ।

ਹਾਲੇ ਤੱਕ ਓਲੰਪਿਕ ਅਯੋਜਕਾਂ ਵੱਲੋਂ ਖੇਡਾਂ ਨੂੰ ਟਾਲਣ ਸਬੰਧੀ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਭਿਆਨਕ ਵਾਇਰਸ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 13 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਦੇ ਨਾਲ ਹੀ ਆਏ ਦਿਨ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦਾ ਅਸਰ ਗਲੋਬਲ ਅਰਥ ਵਿਵਸਥਾ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।