ਸ਼ੇਅਰ ਬਾਜ਼ਾਰ ’ਚ ਜਸ਼ਨ ਦਾ ਮਾਹੌਲ, ਸੈਂਸੈਕਸ-ਨਿਫਟੀ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪੁੱਜੇ

ਏਜੰਸੀ

ਖ਼ਬਰਾਂ, ਵਪਾਰ

ਸਕਾਰਾਤਮਕ ਜੀ.ਡੀ.ਪੀ. ਅੰਕੜਿਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਆਕਰਸ਼ਣ ਵਧਣ ਨਾਲ ਸੈਂਸੈਕਸ ਅਤੇ ਨਿਫਟੀ ’ਚ ਡੇਢ ਫ਼ੀ ਸਦੀ ਤੋਂ ਵੱਧ ਦਾ ਉਛਾਲ

Sensex and NIfty

ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ’ਚ ਸ਼ੁਕਰਵਾਰ ਨੂੰ ਲੰਮੀ ਛਾਲ ਲਾਉਂਦੇ ਹੋਏ ਹੁਣ ਤਕ ਦੇ ਸਭ ਤੋਂ ਉੱਚੇ ਮੁਕਾਮ ’ਤੇ ਪਹੁੰਚ ਗਏ। ਸਕਾਰਾਤਮਕ ਜੀ.ਡੀ.ਪੀ. ਅੰਕੜਿਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਦਾ ਆਕਰਸ਼ਣ ਵਧਣ ਨਾਲ ਸੈਂਸੈਕਸ ਅਤੇ ਨਿਫਟੀ ਡੇਢ ਫ਼ੀ ਸਦੀ ਤੋਂ ਵੱਧ ਦੇ ਵਾਧੇ ਨਾਲ ਅਪਣੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ।

ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,245.05 ਅੰਕ ਯਾਨੀ 1.72 ਫੀ ਸਦੀ ਦੇ ਵਾਧੇ ਨਾਲ 73,745.35 ਅੰਕ ’ਤੇ ਪਹੁੰਚ ਗਿਆ। ਇਹ ਇਸ ਦਾ ਹੁਣ ਤਕ ਦਾ ਸੱਭ ਤੋਂ ਉੱਚਾ ਪੱਧਰ ਹੈ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਪ੍ਰਮੁੱਖ ਸੂਚਕ ਅੰਕ ਨਿਫਟੀ ਵੀ 355.95 ਅੰਕ ਯਾਨੀ 1.62 ਫੀ ਸਦੀ ਦੇ ਵਾਧੇ ਨਾਲ 22,338.75 ਦੇ ਨਵੇਂ ਬੰਦ ਪੱਧਰ ’ਤੇ ਬੰਦ ਹੋਇਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਦੁਨੀਆਂ ਭਰ ਦੇ ਬਾਜ਼ਾਰਾਂ ਵਿਚ ਤੇਜ਼ੀ ਨਾਲ ਘਰੇਲੂ ਸ਼ੇਅਰਾਂ ਨੂੰ ਹੁਲਾਰਾ ਮਿਲਿਆ ਅਤੇ ਨਿਵੇਸ਼ਕਾਂ ਨੇ ਭਾਰੀ ਖਰੀਦਦਾਰੀ ਕੀਤੀ। ਸੈਂਸੈਕਸ ’ਚ ਟਾਟਾ ਸਟੀਲ ਦਾ ਸ਼ੇਅਰ 6 ਫੀ ਸਦੀ ਅਤੇ ਜੇ.ਐੱਸ.ਡਬਲਯੂ. ਸਟੀਲ ਦਾ ਸ਼ੇਅਰ 4 ਫੀ ਸਦੀ ਵਧਿਆ। 

ਇਸ ਤੋਂ ਇਲਾਵਾ ਲਾਰਸਨ ਐਂਡ ਟੂਬਰੋ, ਟਾਈਟਨ, ਮਾਰੂਤੀ, ਇੰਡਸਇੰਡ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ’ਚ ਵੀ ਵਾਧਾ ਦਰਜ ਕੀਤਾ ਗਿਆ। ਹਾਲਾਂਕਿ, ਇਸ ਤੇਜ਼ੀ ਦੇ ਪੜਾਅ ’ਚ ਵੀ ਐਚ.ਸੀ.ਐਲ. ਟੈਕਨੋਲੋਜੀਜ਼, ਇਨਫੋਸਿਸ ਅਤੇ ਟੈਕ ਮਹਿੰਦਰਾ ਪਿੱਛੇ ਰਹਿ ਗਏ। ਬਾਜ਼ਾਰ ਦੀ ਇਸ ਤੇਜ਼ੀ ਦਾ ਮੁੱਖ ਕਾਰਨ ਅਕਤੂਬਰ-ਦਸੰਬਰ ਤਿਮਾਹੀ ’ਚ ਜੀ.ਡੀ.ਪੀ. ਵਿਕਾਸ ਦਰ 8.4 ਫੀ ਸਦੀ ਰਹੀ। ਇਹ ਪਿਛਲੇ ਡੇਢ ਸਾਲ ’ਚ ਸੱਭ ਤੋਂ ਵੱਧ ਤਿਮਾਹੀ ਵਾਧਾ ਹੈ। 

ਇਸ ਦੇ ਨਾਲ ਹੀ ਚਾਲੂ ਵਿੱਤੀ ਸਾਲ ਲਈ ਵਿਕਾਸ ਅਨੁਮਾਨ ਨੂੰ ਵੀ ਸੋਧ ਕੇ 7.6 ਫੀ ਸਦੀ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁਕਰਵਾਰ ਨੂੰ ਪੀ.ਐਮ.ਆਈ. ਦੇ ਅੰਕੜਿਆਂ ਨੇ ਵੀ ਫ਼ਰਵਰੀ ’ਚ ਨਿਰਮਾਣ ਗਤੀਵਿਧੀਆਂ ’ਚ ਤੇਜ਼ੀ ਦਾ ਸੰਕੇਤ ਦਿਤਾ। ਮਜ਼ਬੂਤ ਘਰੇਲੂ ਅਤੇ ਬਾਹਰੀ ਮੰਗ ਕਾਰਨ ਫ਼ਰਵਰੀ ਵਿਚ ਫੈਕਟਰੀ ਉਤਪਾਦਨ ਪੰਜ ਮਹੀਨਿਆਂ ਦੇ ਉੱਚੇ ਪੱਧਰ ’ਤੇ ਪਹੁੰਚ ਗਿਆ। 

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਜਾਪਾਨ ਦਾ ਨਿੱਕੇਈ ਚੀਨ ਦੇ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗਸੇਂਗ ’ਚ ਤੇਜ਼ੀ ਨਾਲ ਬੰਦ ਹੋਇਆ। ਯੂਰਪੀਅਨ ਬਾਜ਼ਾਰ ਵੀ ਸਕਾਰਾਤਮਕ ਭਾਵਨਾ ਨਾਲ ਕਾਰੋਬਾਰ ਕਰ ਰਹੇ ਸਨ। ਵੀਰਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ.ਆਈ.ਆਈ.) ਇਕ ਵਾਰ ਫਿਰ ਖਰੀਦਦਾਰ ਬਣ ਗਏ ਹਨ। 

ਵਿਦੇਸ਼ੀ ਨਿਵੇਸ਼ਕਾਂ ਨੇ ਵੀਰਵਾਰ ਨੂੰ 3,568.11 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਇਸ ਦੌਰਾਨ ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.82 ਫੀ ਸਦੀ ਦੀ ਤੇਜ਼ੀ ਨਾਲ 82.58 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਦੇਸ਼ ਦੇ ਪ੍ਰਮੁੱਖ ਸਟਾਕ ਐਕਸਚੇਂਜ ਬੀ.ਐਸ.ਈ. ਅਤੇ ਐਨ.ਐਸ.ਈ. ਸਨਿਚਰਵਾਰ ਨੂੰ ਇਕੁਇਟੀ ਅਤੇ ਇਕੁਇਟੀ ਡੈਰੀਵੇਟਿਵਜ਼ ਸੈਗਮੈਂਟ ’ਚ ਵਿਸ਼ੇਸ਼ ਵਪਾਰਕ ਸੈਸ਼ਨ ਕਰਨਗੇ ਤਾਂ ਜੋ ਵੱਡੀਆਂ ਰੁਕਾਵਟਾਂ ਜਾਂ ਅਸਫਲਤਾਵਾਂ ਨਾਲ ਨਜਿੱਠਣ ਲਈ ਉਨ੍ਹਾਂ ਦੀ ਤਿਆਰੀ ਦੀ ਜਾਂਚ ਕੀਤੀ ਜਾ ਸਕੇ। 

ਵਿਸ਼ੇਸ਼ ਵਪਾਰਕ ਸੈਸ਼ਨ ਦੌਰਾਨ, ਲੈਣ-ਦੇਣ ਨੂੰ ਪ੍ਰਾਇਮਰੀ ਸਾਈਟ (ਪੀ.ਆਰ.) ਤੋਂ ਆਫ਼ਤ ਬਹਾਲੀ (ਡੀ.ਆਰ.) ਸਾਈਟ ’ਤੇ ਤਬਦੀਲ ਕੀਤਾ ਜਾਵੇਗਾ ਅਤੇ ਇਸ ਦੇ ਕੰਮਕਾਜ ਦੀ ਜਾਂਚ ਕੀਤੀ ਜਾਵੇਗੀ। ਪ੍ਰਾਇਮਰੀ ਸਾਈਟ ’ਤੇ ਕਿਸੇ ਵੱਡੀ ਰੁਕਾਵਟ ਜਾਂ ਅਸਫਲਤਾ ਦੀ ਸੂਰਤ ’ਚ ਵਪਾਰ ਜਾਰੀ ਰੱਖਣ ਲਈ ਲੈਣ-ਦੇਣ ਆਮ ਤੌਰ ’ਤੇ ਡੀਆਰ ਸਾਈਟ ’ਤੇ ਤਬਦੀਲ ਕੀਤੇ ਜਾਂਦੇ ਹਨ।