ਕੋਚਰ ਕੇਸ 'ਤੇ ICICI ਬੈਂਕ ਨੇ ਕਿਹਾ - ਖ਼ਤਰੇ ਵਿਚ ਸਾਡਾ ਅਕਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਈਸੀਆਈਸੀਆਈ ਬੈਂਕ ਨੇ ਘਰੇਲੂ ਅਤੇ ਵਿਦੇਸ਼ੀ ਸ਼ੇਅਰ ਧਾਰਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਬੈਂਕ ਅਕਸ ਅਤੇ ਰੈਗੂਲੇਟਰੀ ਐਕਸ਼ਨ ਦੀ ਜੋਖਮ ਦਾ ਸਾਹਮਣਾ ਕਰ ਰਿਹਾ ਹੈ...

Chanda Kochhar

ਮੁੰਬਈ : ਆਈਸੀਆਈਸੀਆਈ ਬੈਂਕ ਨੇ ਘਰੇਲੂ ਅਤੇ ਵਿਦੇਸ਼ੀ ਸ਼ੇਅਰ ਧਾਰਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਹੈ ਕਿ ਬੈਂਕ ਅਕਸ ਅਤੇ ਰੈਗੂਲੇਟਰੀ ਐਕਸ਼ਨ ਦੀ ਜੋਖਮ ਦਾ ਸਾਹਮਣਾ ਕਰ ਰਿਹਾ ਹੈ। ਬੈਂਕ ਨੇ ਸੀਈਓ ਚੰਦਾ ਕੋਚਰ ਖਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਦੇ ਮਾਮਲੇ ਨੂੰ ਰਿਸਕ ਫੈਕਟਰ ਦੇ ਰੂਪ ਵਿਚ ਦਰਸਾਇਆ ਹੈ। ਇਸ ਵਿਚ ਆਰਬੀਆਈ ਨੇ ਚੀਫ਼ ਆਪਰੇਟਿੰਗ ਅਫ਼ਸਰ ਦੇ ਰੂਪ ਵਿਚ ਸੰਦੀਪ ਬਖਸ਼ੀ ਦੀ ਨਿਯੁਕਤੀ 'ਤੇ ਮੁਹਰ ਲਗਾ ਦਿਤੀ ਹੈ। ਦੇਸ਼ ਦੇ ਸੱਭ ਤੋਂ ਵੱਡੇ ਪ੍ਰਾਈਵੇਟ ਬੈਂਕ ਨੇ ਸੋਮਵਾਰ ਨੂੰ ਭਾਰਤੀ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਲਈ ਸਾਲਾਨਾ ਰਿਪੋਰਟ ਫਾਈਲ ਕੀਤੀ।

ਲਿਸਟਿੰਗ ਜ਼ਰੂਰਤਾਂ ਨੂੰ ਪੂਰਾ ਕਰਨ ਲਈ US GAAP ਦੇ ਤਹਿਤ ਬੈਲੇਂਸ ਸ਼ੀਟ ਸਿਕਿਓਰਿਟੀਜ਼ ਐਕਸਚੇਂਜ ਕਮਿਸ਼ਨ (SEC) ਦੇ ਕੋਲ ਜਮ੍ਹਾਂ ਕਰਾਇਆ ਗਿਆ ਹੈ। ਯੂਐਸ ਫਾਈਲਿੰਗ ਵਿਚ ਬੈਂਕ ਨੇ ਰੈਗੂਲੇਟਰ ਨੂੰ ਦੱਸਿਆ ਕਿ ਅਸੀਂ ਹਾਲ ਹੀ ਵਿਚ ਕੋਚਰ ਅਤੇ ਉਨ੍ਹਾਂ ਦੇ ਪਤੀ ਵਿਰੁਧ ਲੱਗੇ ਦੋਸ਼ਾਂ ਦੀ ਵਜ੍ਹਾ ਨਾਲ ਨੈਗੇਟਿਵ ਪਬਲਿਸਿਟੀ ਦਾ ਸਾਹਮਣਾ ਕੀਤਾ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ।

ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੋਰਡ ਆਫ਼ ਡਾਇਰੈਕਟਰਸ ਦੇ ਨਿਰਦੇਸ਼ 'ਤੇ ਬੈਂਕ ਦੀ ਆਡਿਟ ਕਮੇਟੀ ਨੇ ਅਜ਼ਾਦ ਜਾਂਚ ਬਿਠਾਈ ਹੈ ਜਿਸ ਦੀ ਅਗਵਾਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀਐਨ ਸ਼੍ਰੀ ਕ੍ਰਿਸ਼ਣ ਕਰ ਰਹੇ ਹਨ। ਕੋਚਰ ਵਿਰੁਧ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਕ ਨਿਵੇਸ਼ਕ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਲਿਖ ਕੇ ਇਲਜ਼ਾਮ ਲਗਾਇਆ ਸੀ ਕਿ

ਕੋਚਰ ਨੇ ਬੈਂਕ ਦੇ ਕਰਜ਼ ਦੇਣ ਦੇ ਨਿਯਮਾਂ ਵਿਚ ਤੋਡ਼ ਮਰੋੜ ਕਰਦੇ ਹੋਏ ਵੀਡੀਓਕਾਨ ਸਮੂਹ ਨੂੰ 3,250 ਕਰੋਡ਼ ਰੁਪਏ ਦਾ ਕਰਜ਼ ਦਿਤਾ ਜੋ ਕਿ ਹੁਣ ਐਨਪੀਏ ਬਣ ਚੁੱਕਿਆ ਹੈ। ਪੱਤਰ ਵਿਚ ਇਹ ਵੀ ਇਲਜ਼ਾਮ ਲਗਾਇਆ ਗਿਆ ਹੈ ਕਿ ਦਿਵਾਲਾ ਹੋ ਚੁਕੀ ਇਸ ਕੰਪਨੀ ਨੇ ਕਰਜ਼ ਮਿਲਣ ਦੇ ਬਦਲੇ ਕੋਚਰ ਦੇ ਪਤੀ ਦੀ ਕੰਪਨੀ ਨੂੰ ਫ਼ਾਇਦਾ ਪਹੁੰਚਾਇਆ।