ਮਾਰਚ ਤੋਂ ਲੈ ਕੇ ਹੁਣ ਤੱਕ Amazon ਦੇ ਲਗਭਗ 20,000 ਕਰਮਚਾਰੀ ਕੋਰੋਨਾ ਪਾਜ਼ੇਟਿਵ

ਏਜੰਸੀ

ਖ਼ਬਰਾਂ, ਵਪਾਰ

ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀ ਦੇ 19,800 ਤੋਂ ਜ਼ਿਆਦਾ ਕਰਮਚਾਰੀ ਨਿਕਲੇ ਸੀ ਕੋਰੋਨਾ ਪਾਜ਼ੇਟਿਵ

Amazon's near 20,000 workers got Covid-19

ਨਵੀਂ ਦਿੱਲੀ: ਈ-ਕਾਮਰਸ ਖੇਤਰ ਦੀ ਦਿੱਗਜ਼ ਕੰਪਨੀ ਐਮਾਜ਼ੋਨ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ ਉਸ ਦੇ ਕਿੰਨੇ ਕਰਮਚਾਰੀ ਕੋਰੋਨਾ ਵਾਇਰਸ ਮਹਾਂਮਾਰੀ ਦੀ ਚਪੇਟ ਵਿਚ ਆ ਚੁੱਕੇ ਹਨ। ਕੰਪਨੀ ਨੇ ਦੱਸਿਆ ਹੈ ਕਿ ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਉਸ ਦੇ 19,800 ਤੋਂ ਜ਼ਿਆਦਾ ਕਰਮਚਾਰੀ ਕੋਰੋਨਾ ਪਾਜ਼ੇਟਿਵ ਨਿਕਲੇ ਸੀ।

ਐਮਾਜ਼ੋਨ ਨੇ ਕਿਹਾ ਹੈ ਕਿ ਅਮਰੀਕਾ ਦੇ ਹੋਲ ਫੂਡ ਮਾਰਕਿਟ ਗ੍ਰੋਸਰੀ ਸਟੋਰ ਵਿਚ ਕੰਮ ਕਰਨ ਵਾਲੇ ਉਸ ਦੇ ਕਰਮਚਾਰੀਆਂ ਸਮੇਤ ਉਸ ਦੇ ਕੁੱਲ 10.3 ਲੱਖ ਕਰਮਚਾਰੀਆਂ ਵਿਚ ਜਿੰਨਾ ਸ਼ੱਕ ਸੀ, ਉਸ ਦੇ ਹਿਸਾਬ ਨਾਲ ਲਾਗ ਦੀ ਦਰ ਘੱਟ ਹੀ ਰਹੀ ਹੈ।

ਦੱਸ ਦਈਏ ਕਿ ਕੰਪਨੀ ਦੇ ਲੌਜਿਸਟਿਕ ਸੈਂਟਰਾਂ ਦੇ ਕੁਝ ਕਰਮਚਾਰੀਆਂ ਨੇ ਉਹਨਾਂ ਨੂੰ ਲਾਗ ਤੋਂ ਬਚਾਉਣ ਅਤੇ ਸੰਕਰਮਿਤ ਕਰਮਚਾਰੀਆਂ ਦੀ ਜਾਣਕਾਰੀ ਸਾਂਝੀ ਨਾ ਕਰਨ ਵਿਚ ਲਾਪਰਵਾਹੀ ਦੀ ਸ਼ਿਕਾਇਤ ਕੀਤੀ ਹੈ, ਜਿਸ ਤੋਂ ਬਾਅਦ ਕੰਪਨੀ ਨੇ ਇਹ ਅੰਕੜੇ ਜਾਰੀ ਕੀਤੇ।

ਸਿਏਟਲ ਸਥਿਤ ਕੰਪਨੀ ਨੇ ਦੱਸਿਆ ਹੈ ਕਿ ਕੰਪਨੀ ਵੱਲੋਂ ਕਰਮਚਾਰੀਆਂ ਦੀ ਕੋਵਿਡ-19 ਟੈਸਟਿੰਗ ਨੂੰ ਵਧਾਉਂਦੇ ਹੋਏ 650 ਥਾਵਾਂ 'ਤੇ ਹਰ ਦਿਨ 50,000 ਟੈਸਟ ਕੀਤੇ ਜਾ ਰਹੇ ਹਨ। ਐਮਾਜ਼ੋਨ ਨੇ ਵੀਰਵਾਰ ਨੂੰ ਇਕ ਬਲਾਗ ਪੋਸਟ ਵਿਚ ਲਿਖਆ, 'ਇਹ ਸੰਕਟ ਸ਼ੁਰੂ ਹੋਣ ਦੇ ਨਾਲ ਹੀ ਅਸੀਂ ਅਪਣੇ ਕਰਮਚਾਰੀਆਂ ਨੂੰ ਸਾਰੀ ਜਾਣਕਾਰੀ ਦੇਣ ਲਈ ਸਖਤ ਮਿਹਤਨ ਕੀਤੀ ਹੈ।

ਅਸੀਂ ਬਿਲਡਿੰਗ ਵਿਚੋਂ ਹਰ ਨਵਾਂ ਕੇਸ ਨਿਕਲਣ 'ਤੇ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ'। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਐਮਾਜ਼ਨ ਅਤੇ ਹੋਲ ਫੂਡਸ ਕਰਮਚਾਰੀਆਂ ਵਿਚ ਆਮ ਅਮਰੀਕੀ ਦੀ ਤਰ੍ਹਾਂ ਕੋਰੋਨਾ ਫੈਲਿਆ ਹੁੰਦਾ ਤਾਂ ਇਹ ਮਾਮਲੇ 33,000 ਤੋਂ ਵੀ ਜ਼ਿਆਦਾ ਹੁੰਦੇ।