ਸਰਕਾਰ 16 ਕਰੋੜ ਪਰਵਾਰਾਂ ਨੂੰ ਦੇ ਸਕਦੀ ਹੈ ਸਸਤੀ ਦਰ 'ਤੇ ਖੰਡ

ਏਜੰਸੀ

ਖ਼ਬਰਾਂ, ਵਪਾਰ

ਸਰਕਾਰੀ ਖਜ਼ਾਨੇ 'ਤੇ 4,727 ਕਰੋੜ ਰੁਪਏ ਦਾ ਬੋਝ ਪਵੇਗਾ

Govt to provide subsidised sugar to 16cr add'l families

ਨਵੀਂ ਦਿੱਲੀ : ਸਰਕਾਰ ਜਨਤਕ ਵੰਡ ਪ੍ਰਣਾਲੀ ਰਾਹੀਂ 16.3 ਕਰੋੜ ਪਰਿਵਾਰਾਂ ਨੂੰ ਸਬਸਿਡੀ ਦਰਾਂ 'ਤੇ ਇਕ ਕਿਲੋ ਖੰਡ ਉਪਲਬਧ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ, ਜਿਸ ਨਾਲ ਸਰਕਾਰੀ ਖਜ਼ਾਨੇ 'ਤੇ 4,727 ਕਰੋੜ ਰੁਪਏ ਦਾ ਬੋਝ ਪਵੇਗਾ। ਮੌਨਸੂਨ ਨੂੰ ਦੇਖਦੇ ਹੋਏ ਸਰਕਾਰ ਬਫ਼ਰ ਸਟਾਕ ਨੂੰ ਕੱਢਣ ਲਈ ਗ਼ਰੀਬ ਪਰਿਵਾਰਾਂ ਨੂੰ ਦਿਤੇ ਜਾਣ ਵਾਲੇ ਅਨਾਜ ਦੀ ਮਾਤਰਾ ਵੀ ਵਧਾਉਣ ਜਾ ਰਹੀ ਹੈ।

ਸੂਤਰਾਂ ਅਨੁਸਾਰ ਪਿਛਲੇ ਹਫ਼ਤੇ ਨਵੀਂ ਸਰਕਾਰ ਦੀ ਪਹਿਲੀ ਕੈਬਨਟ ਮੀਟਿੰਗ ਦੌਰਾਨ ਵੀ ਖ਼ੁਰਾਕ ਮੰਤਰਾਲੇ ਵਲੋਂ ਸਬਸਿਡੀ 'ਤੇ ਖੰਡ ਉੁਪਲਬਧ ਕਰਵਾਉਣ ਦੀ ਯੋਜਨਾ ਨੂੰ ਵਿਸਥਾਰ ਦੇਣ ਲਈ ਚਰਚਾ ਕੀਤੀ ਗਈ ਸੀ। ਹਾਲਾਂਕਿ ਉਸ ਵਕਤ ਇਸ 'ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਸੀ। ਸਰਕਾਰ ਦੇ ਮੰਤਰੀ ਮੰਡਲ ਨੇ ਮੰਤਰਾਲਾ ਨੂੰ ਪ੍ਰਸਤਾਵ 'ਤੇ ਦੁਬਾਰਾ ਕੰਮ ਕਰਨ ਅਤੇ ਜਨਤਕ ਵੰਡ ਪ੍ਰਣਾਲੀ ਅਧੀਨ ਵਾਧੂ ਅਨਾਜ (ਕਣਕ ਜਾਂ ਚਾਵਲ) ਦੀ ਵੰਡ 'ਤੇ ਵਿਚਾਰ ਕਰਨ ਲਈ ਕਿਹਾ ਸੀ।

ਮੌਜੂਦਾ ਸਮੇਂ ਅੰਤੋਦਿਆ ਅੰਨ ਯੋਜਨਾ ਤਹਿਤ 2.5 ਕਰੋੜ ਪਰਵਾਰਾਂ ਨੂੰ 13.5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਖੰਡ ਦਿਤੀ ਜਾਂਦੀ ਹੈ। ਸੂਤਰਾਂ ਮੁਤਾਬਕ, ਹੁਣ ਇਕ ਪ੍ਰਸਤਾਵ ਮੁਤਾਬਕ 16.29 ਕਰੋੜ ਲਾਭਪਾਤਰ ਪਰਵਾਰਾਂ ਨੂੰ ਸਬਸਿਡੀ 'ਤੇ ਖੰਡ ਉਪਲੱਬਧ ਕਰਵਾਉਣ ਦੀ ਯੋਜਨਾ ਹੈ। ਉਥੇ ਹੀ, ਸਰਕਾਰੀ ਸਬਸਿਡੀ ਸਕੀਮ ਨਾਲ ਜੁੜੇ ਪਰਵਰਾਂ ਨੂੰ ਇਕ ਜਾਂ ਦੋ ਕਿਲੋ ਵਾਧੂ ਅਨਾਜ ਸਪਲਾਈ ਕੀਤਾ ਜਾ ਸਕਦਾ ਹੈ, ਯਾਨੀ ਪੰਜ ਕਿਲੋ ਦੀ ਬਜਾਏ 7-7 ਕਿਲੋ ਰਾਸ਼ਨ ਮਿਲੇਗਾ।

ਜ਼ਿਕਰਯੋਗ ਹੈ ਕਿ ਸਰਕਾਰ ਹਰ ਮਹੀਨੇ 80 ਕਰੋੜ ਤੋਂ ਵੱਧ ਲੋਕਾਂ ਨੂੰ ਸਬਸਿਡੀ 'ਤੇ ਸਸਤੀ ਕਣਕ, ਚਾਵਲ ਵਰਗੇ ਅਨਾਜ ਦਿੰਦੀ ਹੈ, ਜਿਸ 'ਚ ਕਣਕ 2 ਰੁਪਏ ਪ੍ਰਤੀ ਕਿਲੋ ਤੇ ਚਾਵਲ 3 ਰੁਪਏ ਪ੍ਰਤੀ ਕਿਲੋ 'ਚ ਦਿਤੇ ਜਾਂਦੇ ਹਨ। ਜਨਤਕ ਖੇਤਰ ਦੀ ਕੰਪਨੀ ਭਾਰਤੀ ਖਾਦ ਨਿਗਮ ਦੇ ਗੋਦਾਮਾਂ ਵਿਚ ਕਣਕ ਅਤੇ ਚੌਲ ਦੇ ਭੰਡਾਰ ਭਰੇ ਪਏ ਹਨ। ਅਜਿਹੇ ਵਿਚ ਜਨਤਕ ਵੰਡ ਪ੍ਰਣਾਲੀ ਰਾਹੀਂ ਵਾਧੂ ਅਨਾਜ ਦੀ ਵੰਡ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ।