ਰੂਸ ਦੀ ਵੱਡੀ ਕਾਰਵਾਈ: Facebook ਅਤੇ Twitter 'ਤੇ ਲਗਾਈ ਪਾਬੰਦੀ, ਰੂਸੀ ਮੀਡੀਆ ਨਾਲ ਵਿਤਕਰਾ ਕਰਨ ਦਾ ਲਗਾਇਆ ਆਰੋਪ
ਯੂਕਰੇਨ ਨਾਲ ਜੰਗ ਦੇ ਚਲਦਿਆਂ ਰੂਸ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਪਾਬੰਦੀ ਲਗਾ ਦਿੱਤੀ ਹੈ।
ਮਾਸਕੋ: ਯੂਕਰੇਨ ਨਾਲ ਜੰਗ ਦੇ ਚਲਦਿਆਂ ਰੂਸ ਨੇ ਫੇਸਬੁੱਕ ਅਤੇ ਟਵਿੱਟਰ 'ਤੇ ਪਾਬੰਦੀ ਲਗਾ ਦਿੱਤੀ ਹੈ। ਪੁਤਿਨ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਰੂਸੀ ਮੀਡੀਆ ਸਮੱਗਰੀ ਪ੍ਰਕਾਸ਼ਨ ਵਿਚ ਵਿਤਕਰਾ ਕੀਤਾ ਜਾ ਰਿਹਾ ਹੈ। ਰੂਸੀ ਸੈਂਸਰਸ਼ਿਪ ਏਜੰਸੀ ਰੋਸਕੋਮਨਾਡਜ਼ੋਰ ਨੇ ਕਿਹਾ ਕਿ ਫੇਸਬੁੱਕ-ਟਵਿਟਰ ਦੇ ਖਿਲਾਫ 26 ਮਾਮਲੇ ਆਏ ਹਨ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਇਸ ਦੇ ਨਾਲ ਹੀ ਫੇਸਬੁੱਕ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਰੂਸ ਦੇ ਇਸ ਫੈਸਲੇ ਨਾਲ ਲੱਖਾਂ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਨਹੀਂ ਮਿਲ ਸਕੇਗੀ। ਰੂਸ ਵਲੋਂ ਲਏ ਗਏ ਇਸ ਫੈਸਲੇ ਤੋਂ ਬਾਅਦ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਗਲੋਬਲ ਅਫੇਅਰਜ਼ ਦੇ ਮੁਖੀ ਨੇ ਟਵੀਟ ਕੀਤਾ ਕਿ ਕੰਪਨੀ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ। ਉਹਨਾਂ ਅੱਗੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਰੂਸ ਦੇ ਲੱਖਾਂ ਆਮ ਨਾਗਰਿਕ ਪਰਿਵਾਰ ਅਤੇ ਦੋਸਤਾਂ ਨਾਲ ਜੁੜਨ ਤੋਂ ਵਾਂਝੇ ਹੋ ਜਾਣਗੇ।
ਇਸ ਤੋਂ ਪਹਿਲਾਂ ਰੂਸੀ ਸੰਸਦ ਮੈਂਬਰਾਂ ਨੇ 'ਜਾਅਲੀ ਖ਼ਬਰਾਂ' ਪ੍ਰਕਾਸ਼ਤ ਕਰਨ ਦੇ ਵਿਰੁੱਧ ਸਖ਼ਤ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਲਗਾਉਣ ਵਾਲੇ ਕਾਨੂੰਨ ਦਾ ਸਮਰਥਨ ਕੀਤਾ ਸੀ। ਰੂਸ ਦੇ ਹੇਠਲੇ ਸਦਨ ਨੇ ਇਕ ਬਿਆਨ 'ਚ ਕਿਹਾ ਕਿ ਜੇਕਰ ਫਰਜ਼ੀ ਖਬਰਾਂ ਦੇ ਨਤੀਜੇ ਗੰਭੀਰ ਹੁੰਦੇ ਹਨ ਤਾਂ ਦੋਸ਼ੀ ਨੂੰ ਕਾਨੂੰਨ ਦੇ ਤਹਿਤ 15 ਸਾਲ ਤੱਕ ਦੀ ਕੈਦ ਹੋ ਸਕਦੀ ਹੈ।