ਕਈ ਦਿਨਾਂ ਦੀ ਗਿਰਾਵਟ ਮਗਰੋਂ ਸ਼ੇਅਰ ਬਾਜ਼ਾਰ ’ਚ ਪਰਤੀ ਰੌਣਕ, ਸੈਂਸੈਕਸ 740 ਅੰਕ ਚੜ੍ਹਿਆ
ਨਿਫਟੀ ਨੇ ਤੋੜਿਆ 10 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ
ਮੁੰਬਈ : ਭਾਰਤੀ ਸ਼ੇਅਰ ਬਾਜ਼ਾਰ ’ਚ ਬੁਧਵਾਰ ਨੂੰ ਮਜ਼ਬੂਤੀ ਨਾਲ ਸੁਧਾਰ ਹੋਇਆ, ਜਿਸ ’ਚ ਬੀ.ਐੱਸ.ਈ. ਸੈਂਸੈਕਸ 740 ਅੰਕ ਚੜ੍ਹ ਗਿਆ ਅਤੇ ਨਿਫਟੀ ਨੇ 10 ਦਿਨਾਂ ਦੀ ਗਿਰਾਵਟ ਦਾ ਸਿਲਸਿਲਾ ਤੋੜ ਦਿਤਾ। ਇਹ ਤੇਜ਼ੀ ਯੂਟੀਲਿਟੀਜ਼ ਅਤੇ ਊਰਜਾ ਸ਼ੇਅਰਾਂ ਵਿਚ ਮੁੱਲ ਖਰੀਦ ਦੇ ਨਾਲ-ਨਾਲ ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨ ਕਾਰਨ ਹੋਈ। ਮਹਿਤਾ ਇਕੁਇਟੀਜ਼ ਲਿਮਟਿਡ ਦੇ ਸੀਨੀਅਰ ਵੀਪੀ (ਰੀਸਰਚ) ਪ੍ਰਸ਼ਾਂਤ ਤਾਪਸੇ ਨੇ ਕਿਹਾ, ‘‘ਮਜ਼ਬੂਤ ਆਲਮੀ ਬਾਜ਼ਾਰ ਸੰਕੇਤਾਂ ਨੇ ਘਰੇਲੂ ਸੂਚਕਾਂਕ ’ਚ ਸੁਧਾਰ ਦੀ ਅਗਵਾਈ ਕੀਤੀ। ਚਰਚਾ ਹੈ ਕਿ ਟਰੰਪ ਪ੍ਰਸ਼ਾਸਨ ਚੱਲ ਰਹੇ ਆਲਮੀ ਵਪਾਰ ਤਣਾਅ ਦੇ ਵਿਚਕਾਰ ਕੁੱਝ ਟੈਰਿਫ ਵਾਪਸ ਲੈ ਸਕਦੇ ਹਨ।’’
ਬਾਜ਼ਾਰ ਦੀ ਚੜ੍ਹਾਈ ਸਥਾਨਕ ਕਾਰਕਾਂ ਤੋਂ ਵੀ ਪ੍ਰੇਰਿਤ ਸੀ, ਜਿਸ ’ਚ ਫ਼ਰਵਰੀ ਪੀ.ਐਮ.ਆਈ. ਇੰਡੈਕਸ ’ਚ ਵਾਧਾ ਵੀ ਸ਼ਾਮਲ ਸੀ, ਜਿਸ ਨੇ ਸੇਵਾ ਖੇਤਰ ਦੀਆਂ ਗਤੀਵਿਧੀਆਂ ’ਚ ਤੇਜ਼ੀ ਨਾਲ ਵਾਧੇ ਦਾ ਸੰਕੇਤ ਦਿਤਾ। ਐਚ.ਐਸ.ਬੀ.ਸੀ. ਦੇ ਮੁੱਖ ਭਾਰਤੀ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ, ‘‘ਭਾਰਤ ਦਾ ਸੇਵਾ ਕਾਰੋਬਾਰ ਗਤੀਵਿਧੀ ਸੂਚਕ ਅੰਕ ਫ਼ਰਵਰੀ 2025 ’ਚ ਵਧ ਕੇ 59.0 ਹੋ ਗਿਆ, ਜੋ ਜਨਵਰੀ ਦੇ 26 ਮਹੀਨਿਆਂ ਦੇ ਹੇਠਲੇ ਪੱਧਰ 56.5 ਤੋਂ ਕਾਫ਼ੀ ਵੱਧ ਹੈ। ਆਲਮੀ ਮੰਗ, ਜੋ ਨਵੇਂ ਨਿਰਯਾਤ ਕਾਰੋਬਾਰ ਸੂਚਕ ਅੰਕ ਦੇ ਅਨੁਸਾਰ ਛੇ ਮਹੀਨਿਆਂ ’ਚ ਅਪਣੀ ਸੱਭ ਤੋਂ ਤੇਜ਼ ਰਫਤਾਰ ਨਾਲ ਵਧੀ, ਨੇ ਭਾਰਤ ਦੇ ਸੇਵਾ ਖੇਤਰ ਲਈ ਉਤਪਾਦਨ ਦੇ ਵਾਧੇ ਨੂੰ ਵਧਾਉਣ ’ਚ ਇਕ ਵੱਡੀ ਭੂਮਿਕਾ ਨਿਭਾਈ।’’
ਬੀ.ਐਸ.ਈ. ਦੇ ਸਾਰੇ ਖੇਤਰੀ ਸੂਚਕਾਂਕ 4.40%, ਬਿਜਲੀ 3.67% ਅਤੇ ਸੇਵਾਵਾਂ ’ਚ 3.64% ਦੀ ਤੇਜ਼ੀ ਨਾਲ ਬੰਦ ਹੋਏ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਭਾਰਤ ਸਮੇਤ ਉਭਰਦੇ ਬਾਜ਼ਾਰਾਂ ’ਚ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਨਾਲ ਰਾਹਤ ਮਿਲੀ ਹੈ। ਇਹ ਵਾਧਾ ਮੈਕਸੀਕੋ, ਕੈਨੇਡਾ ਅਤੇ ਚੀਨ ’ਤੇ ਅਮਰੀਕੀ ਟੈਰਿਫ ਲਗਾਉਣ ਦੇ ਨਾਲ-ਨਾਲ ਜਵਾਬੀ ਉਪਾਵਾਂ ਦੇ ਖਤਰੇ ਦੇ ਬਾਵਜੂਦ ਹੋਇਆ।