ਟੈਰਿਫ ’ਚ ਰਾਹਤ ਚਾਹੀਦੀ ਹੈ ਤਾਂ ਟਿਕਟਾਕ ਨੂੰ ਵੇਚੋ : ਟਰੰਪ ਦੀ ਚੀਨ ਨੂੰ ਅਨੋਖੀ ਪੇਸ਼ਕਸ਼

ਏਜੰਸੀ

ਖ਼ਬਰਾਂ, ਵਪਾਰ

ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਨੇ ਅਮਰੀਕੀ ਸਰਕਾਰ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ

Donald Trump.

ਬੀਜਿੰਗ/ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਅਨੋਖੀ ਪੇਸ਼ਕਸ਼ ਕੀਤੀ ਹੈ ਕਿ ਜੇਕਰ ਉਹ ਅਮਰੀਕੀ ਟੈਰਿਫ਼ ਤੋਂ ਰਾਹਤ ਚਾਹੁੰਦਾ ਹੈ ਤਾਂ ਟਿਕਟਾਕ ਨੂੰ ਵੇਚ ਦੇਵੇ। ਟਰੰਪ ਨੇ ਟਿਕਟਾਕ ’ਤੇ ਪਾਬੰਦੀ ਦੀ ਸਮਾਂ ਸੀਮਾ 75 ਦਿਨਾਂ ਲਈ ਵਧਾਉਂਦੇ ਹੋਏ ਕਿਹਾ ਸੀ, ‘‘ਮੇਰਾ ਪ੍ਰਸ਼ਾਸਨ ਟਿਕਟਾਕ ਦਾ ਸੌਦਾ ਕਰਨ ਲਈ ਬਹੁਤ ਸਖਤ ਮਿਹਨਤ ਕਰ ਰਿਹਾ ਹੈ।’’ ਉਨ੍ਹਾਂ ਨੇ ਟੈਰਿਫ ਨੂੰ ਇਕ ਤਾਕਤਵਰ ਆਰਥਕ ਸਾਧਨ ਦਸਦੇ ਹੋਏ ਕਿਹਾ, ‘‘ਅਸੀਂ ਨਹੀਂ ਚਾਹੁੰਦੇ ਕਿ ਟਿਕਟਾਕ ਬੰਦ ਹੋ ਜਾਵੇ।’’ 

ਟਿਕਟਾਕ ਦੀ ਮੂਲ ਕੰਪਨੀ ਬਾਈਟਡਾਂਸ ਨੇ ਅਮਰੀਕੀ ਸਰਕਾਰ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ ਹੈ ਪਰ ਕਿਹਾ ਕਿ ਚੀਨ ਦੀ ਮਨਜ਼ੂਰੀ ਨਾ ਮਿਲਣ ਕਾਰਨ ਰੇੜਕਾ ਚਲ ਰਿਹਾ ਹੈ। ਇਸ ਦੌਰਾਨ ਚੀਨ ਨੇ ਅਮਰੀਕੀ ਟੈਰਿਫ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਨੂੰ ਡਬਲਯੂ.ਟੀ.ਓ. ਦੇ ਨਿਯਮਾਂ ਅਤੇ ਆਲਮੀ ਆਰਥਕ ਸਥਿਰਤਾ ਦੀ ਉਲੰਘਣਾ ਦਸਿਆ। ਬੀਜਿੰਗ ਨੇ ਅਮਰੀਕੀ ਉਪਾਵਾਂ ਦਾ ਮੁਕਾਬਲਾ ਕਰਨ ਲਈ ਦੁਰਲੱਭ ਤੱਤਾਂ ’ਤੇ ਨਿਰਯਾਤ ’ਤੇ ਪਾਬੰਦੀਆਂ ਲਾਈਆਂ ਹਨ, ਜੋ ਅਮਰੀਕੀ ਰੱਖਿਆ ਤਕਨਾਲੋਜੀਆਂ ਲਈ ਮਹੱਤਵਪੂਰਨ ਹਨ। 

ਟੂ ਸ਼ਿਨਕੁਆਨ ਅਤੇ ਬਾਈ ਮਿੰਗ ਵਰਗੇ ਮਾਹਰਾਂ ਨੇ ਚੀਨ ਦੇ ਬੇਮਿਸਾਲ ਜਵਾਬੀ ਕਦਮਾਂ ਨੂੰ ਉਜਾਗਰ ਕੀਤਾ, ਜਿਸ ਦਾ ਉਦੇਸ਼ ਉਸ ਦੇ ਹਿੱਤਾਂ ਅਤੇ ਵਿਸ਼ਵ ਵਪਾਰ ਸਥਿਰਤਾ ਦੀ ਰੱਖਿਆ ਕਰਨਾ ਹੈ। ਟਰੰਪ ਦੇ ਟੈਰਿਫ ਨੇ ਚੀਨ ਨੂੰ ਨਿਰਯਾਤ ’ਤੇ ਨਿਰਭਰ ਅਮਰੀਕੀ ਕਿਸਾਨਾਂ ਵਿਚ ਚਿੰਤਾ ਵਧਾ ਦਿਤੀ ਹੈ।