ਜਲਦੀ ਭਰਵਾ ਲਓ ਅਪਣੀਆਂ ਟੈਂਕੀਆਂ, ਇਸ ਸੂਬੇ ਵਿਚ ਵਧਣ ਜਾ ਰਹੀਆਂ Petrol-Diesel ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਵਪਾਰ

ਅਨਲੌਕ 1.0 ਵਿਚ ਹੁਣ ਸਾਰੇ ਸੂਬਿਆਂ ਨੂੰ ਅਪਣੇ ਨੁਕਸਾਨ ਦਾ ਡਰ ਸਤਾ ਰਿਹਾ ਹੈ।

Petrol-Diesel

ਨਵੀਂ ਦਿੱਲੀ: ਅਨਲੌਕ 1.0 ਵਿਚ ਹੁਣ ਸਾਰੇ ਸੂਬਿਆਂ ਨੂੰ ਅਪਣੇ ਨੁਕਸਾਨ ਦਾ ਡਰ ਸਤਾ ਰਿਹਾ ਹੈ। ਜ਼ਿਆਦਾਤਰ ਸੂਬਿਆਂ ਨੇ ਲੌਕਡਾਊਨ ਦੌਰਾਨ ਆਰਥਕ ਨੁਕਸਾਨ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ।

ਪਰ ਇਸ ਦੌਰਾਨ ਕਈ ਸੂਬੇ ਅਜਿਹੇ ਹਨ ਜਿਨ੍ਹਾਂ ਨੇ ਹੁਣ ਤੱਕ ਕੀਮਤਾਂ ਨਹੀਂ ਵਧਾਈਆਂ ਸੀ ਪਰ ਹੁਣ ਉਹਨਾਂ ਨੂੰ ਵੀ ਆਰਥਕ ਨੁਕਸਾਨ ਦਾ ਡਰ ਸਤਾ ਰਿਹਾ ਹੈ।
ਗੁਜਰਾਤ ਦੇ ਉੱਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਵੀਰਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਲੌਕਡਾਊਨ ਦੇ ਕਾਰਨ ਹੋਏ ਨੁਕਸਾਨ ਦੇ ਘਾਟੇ ਦੀ ਭਰਪਾਈ ਲਈ ਪੈਟਰੋਲ ਅਤੇ ਡੀਜ਼ਲ ਆਦਿ 'ਤੇ ਵੈਟ ਵਧਾਉਣ 'ਤੇ ਵਿਚਾਰ ਕਰ ਰਹੀ ਹੈ।

ਗੁਜਰਾਤ ਸਰਕਾਰ ਹਾਲੇ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ 'ਤੇ 21 ਪ੍ਰਤੀਸ਼ਤ ਟੈਕਸ ਵਸੂਲ ਰਹੀ ਹੈ। ਇਸ ਵਿਚ 17 ਪ੍ਰੀਸ਼ਤ ਵੈਟ ਅਤੇ 4 ਪ੍ਰਤੀਸ਼ਤ ਸੈੱਸ ਹੈ। ਉਹਨਾਂ ਕਿਹਾ ਕਿ ਗੁਜਰਾਤ ਵਿਚ ਵੈਟ ਦੀਆਂ ਦਰਾਂ ਅਤੇ ਈਂਧਨ ਦੀਆਂ ਕੀਮਤਾਂ, ਦੋਵੇਂ ਦੇਸ਼ ਵਿਚ ਸਭ ਤੋਂ ਘੱਟ ਹਨ।  

ਕੁਝ ਮਾਹਿਰਾਂ ਨੇ ਵੈਟ ਨੂੰ ਵਧਾਉਣ ਅਤੇ ਇਸ ਨੂੰ ਹੋਰ ਸੂਬਿਆਂ ਦੇ ਬਰਾਬਰ ਲਿਆਉਣ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਸੂਬੇ ਨੂੰ ਕੋਰੋਨਾ ਵਾਇਰਸ ਨਾਲ ਲੜਨ ਅਤੇ ਵਾਧੂ ਖਰਚਿਆਂ ਨੂੰ ਪੂਰਾ ਕਰਨ ਵਿਚ ਸਹਾਇਤਾ ਮਿਲੇਗੀ। ਹਾਲਾਂਕਿ ਉਹਨਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ।

ਦਿੱਲੀ ਪੈਟਰੋਲ ਡੀਲਰਸ ਐਸੋਸੀਏਸ਼ ਨੇ ਪੈਟਰੋਲੀਅਮ ਉਤਪਾਦਾਂ 'ਤੇ ਵੈਟ ਵਿਚ ਵਾਧੇ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਮਈ ਮਹੀਨੇ ਵਿਚ ਡੀਜ਼ਲ ਦੀ ਵਿਕਰੀ ਵਿਚ 79 ਫੀਸਦੀ ਦੀ ਗਿਰਾਵਟ ਆਈ ਹੈ।