Hero Cycles ਨੇ ਵੀ ਚੀਨ ਨੂੰ ਦਿੱਤਾ ਝਟਕਾ, ਰੱਦ ਕੀਤੇ 900 ਕਰੋੜ ਦੇ ਆਡਰ

ਏਜੰਸੀ

ਖ਼ਬਰਾਂ, ਵਪਾਰ

ਹੀਰੋ ਸਾਈਕਲ ਕੰਪਨੀ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਚੀਨ ਨਾਲ 900 ਕਰੋੜ ਰੁਪਏ ਦਾ ਵਪਾਰ ਰੱਦ ਕਰ ਦਿੱਤਾ ਹੈ।

Hero Cycles

ਨਵੀਂ ਦਿੱਲੀ: ਚੀਨੀ ਉਤਪਾਦਾਂ ਦੇ ਬਾਈਕਾਟ ਦੌਰਾਨ ਸਾਈਕਲ ਬਣਾਉਣ ਵਾਲੀ ਕੰਪਨੀ ਹੀਰੋ ਸਾਈਕਲ ਨੇ ਵੀ ਇਕ ਵੱਡਾ ਫੈਸਲਾ ਲੈਂਦੇ ਹੋਏ 900 ਕਰੋੜ ਰੁਪਏ ਦਾ ਵਪਾਰ ਰੱਦ ਕਰ ਦਿੱਤਾ ਹੈ।ਇਹ ਵਪਾਰ ਹੀਰੋ ਨੇ ਚੀਨੀ ਕੰਪਨੀਆਂ ਦੇ ਨਾਲ ਕੀਤਾ ਸੀ। ਇਸ ਤੋਂ ਪਹਿਲਾਂ ਹੀਰੋ ਸਾਈਕਲ ਨੇ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੂੰ 100 ਕਰੋੜ ਰੁਪਏ ਵੀ ਦਾਨ ਦਿੱਤੇ ਸੀ।

ਚੀਨ ਦਾ ਬਾਈਕਾਟ ਕਰਨ ਲਈ ਵੀ ਹੀਰੋ ਸਾਈਕਲ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਆਉਣ ਵਾਲੇ 3 ਮਹੀਨਿਆਂ ਵਿਚ ਚੀਨ ਦੇ ਨਾਲ ਹੋਣ ਵਾਲੇ 900 ਕਰੋੜ ਦੇ ਵਪਾਰ ਨੂੰ ਰੱਦ ਕਰ ਦਿੱਤਾ ਹੈ। ਲੁਧਿਆਣਾ ਵਿਚ ਕਾਫੀ ਗਿਣਤੀ ਵਿਚ ਸਾਈਕਲ ਦੇ ਪੁਰਜੇ ਬਣਾਉਣ ਵਾਲੀਆਂ ਕਈ ਛੋਟੀਆਂ ਕੰਪਨੀਆਂ ਹਨ, ਜਿਨ੍ਹਾਂ ਦੀ ਮਦਦ ਲਈ ਹੁਣ ਹੀਰੋ ਸਾਈਕਲ ਅੱਗੇ ਆਈ ਹੈ।

ਛੋਟੀਆਂ ਕੰਪਨੀਆਂ ਨੂੰ ਹੀਰੋ ਸਾਈਕਲ ਅਪਣੇ ਵਿਚ ਮਰਜ ਕਰਨ ਦਾ ਆਫਰ ਵੀ ਦੇ ਰਹੀ ਹੈ। ਹੀਰੋ ਸਾਈਕਲ ਦੇ ਐਮਡੀ ਅਤੇ ਡਾਇਰੈਕਟਰ ਪੰਕਜ ਮੁੰਜਲ ਨੇ ਦੱਸਿਆ ਕਿ ਚੀਨ ਦਾ ਬਾਈਕਾਟ ਕਰਨ ਲਈ ਇਹ ਫੈਸਲਾ ਲਿਆ ਹੈ। ਕੰਪਨੀ ਨੇ ਹੁਣ ਚੀਨ ਦੇ ਨਾਲ ਹਰ ਤਰ੍ਹਾਂ ਦੇ ਵਪਾਰ ਨੂੰ ਬੰਦ ਕਰ ਦਿੱਤਾ ਹੈ।

ਉਹਨਾਂ ਕਿਹਾ ਕਿ ਹੀਰੋ ਸਾਈਕਲ ਹੁਣ ਜਰਮਨੀ ਵਿਚ ਅਪਣਾ ਪਲਾਂਟ ਲਗਾਉਣ ਜਾ ਰਹੀ ਹੈ। ਇਸ ਪਲਾਂਟ ਨਾਲ ਪੂਰੇ ਯੂਰੋਪ ਵਿਚ ਹੀਰੋ ਸਾਈਕਲ ਦੀ ਸਪਲਾਈ ਕੀਤੀ ਜਾਵੇਗੀ। ਪੰਕਜ ਮੁੰਜਾਲ ਨੇ ਇਹ ਵੀ ਦੱਸਿਆ ਕਿ ਬੀਤੇ ਦਿਨੀਂ ਸਾਈਕਲ ਦੀ ਮੰਗ ਵਧੀ ਹੈ ਅਤੇ ਹੀਰੋ ਸਾਈਕਲ ਵੱਲੋਂ ਅਪਣੀ ਸਮਰੱਥਾ ਵੀ ਵਧਾਈ ਗਈ ਹੈ।