ਪਿਆਜ਼ ਦੀਆਂ ਕੀਮਤਾਂ ‘ਤੇ ਬੋਲੀ ਵਿੱਤ ਮੰਤਰੀ, ‘ਮੈਂ ਜ਼ਿਆਦਾ ਲਸਣ-ਪਿਆਜ਼ ਨਹੀਂ ਖਾਂਦੀ’

ਏਜੰਸੀ

ਖ਼ਬਰਾਂ, ਵਪਾਰ

ਸੰਸਦ ਦੇ ਸਰਦ ਰੁੱਤ ਇਜਲਾਸ ਦੇ 13ਵੇਂ ਦਿਨ ਇਕ ਵਾਰ ਫਿਰ ਪਿਆਜ਼ ‘ਤੇ ਚਰਚਾ ਕੀਤੀ ਗਈ।

'I don't eat onion': FM Nirmala Sitharaman on onion prices

ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਦੇ 13ਵੇਂ ਦਿਨ ਇਕ ਵਾਰ ਫਿਰ ਪਿਆਜ਼ ‘ਤੇ ਚਰਚਾ ਕੀਤੀ ਗਈ। ਦੇਸ਼ ਵਿਚ ਪਿਆਜ਼ ਦੀਆਂ ਵਧ ਰਹੀਆਂ ਕੀਮਤਾਂ ‘ਤੇ ਆਮ ਆਦਮੀ ਦੀ ਜੇਬ ਭਾਰੀ ਕਰ ਦਿੱਤੀ ਹੈ। ਲਗਾਤਾਰ ਮਹਿੰਗੇ ਹੋ ਰਹੇ ਪਿਆਜ਼ ਸਰਕਾਰ ਲਈ ਚਿੰਤਾ ਦਾ ਵਿਸ਼ਾ ਹਨ। ਅਜਿਹੇ ਵਿਚ ਇਕ ਸੰਸਦ ਨੇ ਪਿਆਜ਼ ਦੀਆਂ ਕੀਮਤਾਂ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸਵਾਲ ਕੀਤਾ।

ਇਸ ‘ਤੇ ਵਿੱਤ ਮੰਤਰੀ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨਾਲ ਵਿਅਕਤੀਗਤ ਤੌਰ ‘ਤੇ ਉਨ੍ਹਾਂ ‘ਤੇ ਕੋਈ ਖ਼ਾਸ ਅਸਰ ਨਹੀਂ ਪਿਆ ਹੈ ਕਿਉਂਕਿ ਉਨ੍ਹਾਂ ਦਾ ਪਰਿਵਾਰ ਪਿਆਜ਼-ਲਸਣ ਆਦਿ ਚੀਜ਼ਾਂ ਨੂੰ ਖ਼ਾਸ ਪਸੰਦ ਨਹੀਂ ਕਰਦਾ। ਸੀਤਾਰਮਨ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਅਲੋਚਨਾ ਹੋ ਰਹੀ ਹੈ।

ਉਨ੍ਹਾਂ ਨੇ ਕਿਹਾ ਸੀ, ‘ਮੈਂ ਬਹੁਤ ਜ਼ਿਆਦਾ ਪਿਆਜ਼ ਲਸਣ ਨਹੀਂ ਖਾਂਦੀ ਇਸ ਲਈ ਚਿੰਤਾ ਨਾ ਕਰੋ। ਮੈਂ ਅਜਿਹੇ ਪਰਿਵਾਰ ਤੋਂ ਹਾਂ, ਜਿਸ ਨੂੰ ਪਿਆਜ਼ ਦੀ ਕੋਈ ਖ਼ਾਸ ਪ੍ਰਵਾਹ ਨਹੀਂ ਹੈ’। ਪਿਆਜ਼ ‘ਤੇ ਚਰਚਾ ਕਰਦੇ ਹੋਏ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ਵਿਚ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ।

ਵਿੱਤੀ ਸਾਲ 2019- 20 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦੇ ਪਹਿਲੇ ਬੈਚ 'ਤੇ ਲੋਕ ਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਵਿੱਤ ਮੰਤਰੀ ਨੇ ਕਿਹਾ, ‘‘ਪਿਆਜ਼ ਭੰਡਾਰਨ ਨਾਲ ਕੁਝ ਮੁੱਦੇ ਜੁੜੇ ਹਨ ਅਤੇ ਸਰਕਾਰ ਇਸ ਨਾਲ ਨਜਿੱਠਣ ਲਈ ਕਦਮ ਚੁੱਕ ਰਹੀ ਹੈ”। ਸੀਤਾਰਮਨ ਨੇ ਕਿਹਾ ਕਿ ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੀਮਤ ਸਥਿਰਤਾ ਫੰਡ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿਚ 57 ਹਜ਼ਾਰ ਮੈਟਰਿਕ ਟਨ ਦਾ ਬਫਰ ਸਟਾਕ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਮਹਾਰਾਸ਼ਟਰ ਅਤੇ ਰਾਜਸਥਾਨ ਦੇ ਅਲਵਰ ਖੇਤਰਾਂ ਤੋਂ ਦੂਜੇ ਸੂਬਿਆਂ ਵਿਚ ਪਿਆਜ਼ ਦੀ ਖੇਪ ਭੇਜੀ ਜਾ ਰਹੀ ਹੈ।

 


 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।