ਪਿਆਜ਼ ਦਾ ਤੜਕਾ ਲਗਾਉਣਾ ਹੋਇਆ ਹੋਰ ਮਹਿੰਗਾ,ਅਧਾਰ ਕਾਰਡ ਗਿਰਵੀ ਰੱਖ ਖਰੀਦੇ ਜਾ ਰਹੇ ਹਨ ਪਿਆਜ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਆਜ਼ ਦੀਆਂ ਕੀਮਤਾਂ 80 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ

File Photo

ਚੰਡੀਗੜ੍ਹ : ਪੂਰੇ ਭਾਰਤ ਵਿਚ ਖਾਸ ਕਰਕੇ ਮਹਾਰਾਸ਼ਟਰ ਸਮੇਤ ਦੱਖਣੀ ਹਿੱਸਿਆਂ ‘ਚ ਬੇਮੌਸਮੀ ਵਰਖਾ ਕਾਰਨ ਇਸ ਵੇਲੇ ਪਿਆਜ਼ ਦੇ ਭਾਅ ਬਹੁਤ ਜ਼ਿਆਦਾ ਹੋ ਗਏ ਹਨ। ਦਿੱਲੀ  ‘ਚ ਇਸ ਵੇਲੇ ਪਿਆਜ਼ 80 ਤੋਂ 100 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ ਅਤੇ ਥੋਕ ਵਿਚ ਇਸਦੀ ਕੀਮਤ 60 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਬਹੁੱਤੇ ਮੱਧਵਰਗੀ ਪਰਿਵਾਰਾਂ ਨੇ ਤਾਂ ਹੁਣ ਪਿਆਜ਼ ਵਰਤਣਾ ਹੀ ਬੰਦ ਕਰ ਦਿੱਤਾ ਹੈ।

ਇਸੇ ਲਈ ਪਿਆਜ਼ ਹੁਣ ਆਮ ਲੋਕਾਂ ਦੇ ਖਾਣ-ਪੀਣ ਦਾ ਸੁਆਦ ਵੀ ਖ਼ਤਮ ਕਰਦਾ ਜਾ ਰਿਹਾ ਹੈ। ਹੁਣ ਸਬਜ਼ੀਆਂ ਨੂੰ ਤੜਕਾ ਬਿਨਾ ਪਿਆਜ਼ ਲੱਗਣ ਲੱਗ ਪਿਆ ਹੈ। ਮੋਟਾ ਪਿਆਜ਼ ਬਹੁਤ ਮਹਿੰਗਾ ਹੈ ਅਤੇ ਛੋਟਾ ਪਿਆਜ਼ ਕੁੱਝ ਸਸਤਾ ਹੈ ਜੋ ਕਿ ਕੁੱਝ ਲੋਕ ਖਰੀਦ ਵੀ ਰਹੇ ਹਨ।

ਪਿਛਲੇ ਸਮੇਂ ਦੌਰਾਨ ਅਜਿਹੀਆਂ ਖ਼ਬਰਾਂ ਵੀ ਆਈਆ ਸਨ ਕਿ ਭਾਰਤ ਸਰਕਾਰ ਮਿਸਰ ਤੋਂ ਹਜ਼ਾਰਾਂ ਟਨ ਪਿਆਜ਼ ਦਰਾਮਦ ਕਰ ਰਹੀ ਹੈ ਪਰ ਉਹ ਕਦੋਂ ਭਾਰਤ ਪੁੱਜੇਗਾ, ਇਸ ਬਾਰੇ ਹਾਲੇ ਤੱਕ ਕੋਈ ਪੱਕੀ ਜਾਣਕਾਰੀ ਨਹੀਂ ਹੈ। ਕੁੱਲ ਮਿਲਾ ਕੇ ਮਹਿੰਗੇ ਪਿਆਜ਼ ਨੇ ਲੋਕਾਂ ਦਾ ਖਾਣ-ਪੀਣ ਦਾ ਸੁਆਦ ਹੀ ਖੋਹ ਲਿਆ ਹੈ। 

ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਤਾਂ ਸਮਾਜਵਾਦੀ ਪਾਰਟੀ ਦੇ ਯੂਥ ਵਿੰਗ ਦੀ ਮਾਲਕੀ ਵਾਲੀਆਂ ਕੁੱਝ ਦੁਕਾਨਾਂ ‘ਤੇ ਪਿਆਜ਼ ਲੋਨ ‘ਤੇ ਮਿਲ ਰਿਹਾ ਹੈ। ਲੋਨ ਉੱਤੇ ਪਿਆਜ਼ ਦੇਣ ਦੇ ਲਈ ਦੁਕਾਨਦਾਰ ਅਧਾਰ ਕਾਰਡ ਗਿਰਵੀ ਰੱਖ ਰਹੇ ਹਨ। ਸਮਾਜਵਾਦੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਵੱਧ ਰਹੀ ਕੀਮਤਾਂ ਵਿਰੁੱਧ ਸਾਡਾ ਇਹ ਵਿਰੋਧ ਪ੍ਰਦਰਸ਼ਨ ਹੈ। ਅਸੀ ਲੋਕਾਂ ਦੇ ਅਧਾਰ ਕਾਰਡ ਜਾਂ ਚਾਂਦੀ ਦੇ ਗਹਿਣੇ ਗਿਰਵੀ ਰੱਖ ਰਹੇ ਹਾਂ। ਕੁੱਝ ਥਾਵਾਂ ‘ਤੇ ਪਿਆਜ਼ ਨੂੰ ਲੋਕਰ ਵਿਚ ਰੱਖਿਆ ਜਾ ਰਿਹਾ ਹੈ।