RBI ਦਾ ਆਮ ਆਦਮੀ ਨੂੰ ਤੋਹਫ਼ਾ- ਸੋਨੇ ਦੇ ਗਹਿਣਿਆਂ ‘ਤੇ ਮਿਲੇਗਾ ਜ਼ਿਆਦਾ ਕਰਜ਼ਾ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੰਦੇ ਹੋਏ ਸੋਨੇ ਦੇ ਗਹਿਣਿਆਂ ‘ਤੇ ਕਰਜ਼ੇ ਜੀ ਕੀਮਤ ਨੂੰ ਵਧਾ ਦਿੱਤਾ ਹੈ।

Gold Loan

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੰਦੇ ਹੋਏ ਸੋਨੇ ਦੇ ਗਹਿਣਿਆਂ ‘ਤੇ ਕਰਜ਼ੇ ਜੀ ਕੀਮਤ ਨੂੰ ਵਧਾ ਦਿੱਤਾ ਹੈ। ਹੁਣ ਸੋਨੇ ਦੇ ਗਹਿਣਿਆਂ ‘ਤੇ 90 ਫੀਸਦੀ ਤੱਕ ਕਰਜ਼ਾ ਮਿਲ ਸਕੇਗਾ, ਹਾਲੇ ਤੱਕ ਸੋਨੇ ਦੀ ਕੁੱਲ ਕੀਮਤ ਦਾ 75 ਫੀਸਦੀ ਕਰਜ਼ਾ ਹੀ ਮਿਲਦਾ ਸੀ।  ਤੁਸੀਂ  ਜਿਹੜੇ ਵੀ ਬੈਂਕ ਜਾਂ ਗੈਰ-ਬੈਕਿੰਗ ਵਿੱਤ ਕੰਪਨੀ ਵਿਚ ਸੋਨੇ ‘ਤੇ ਕਰਜ਼ਾ ਲੈਣ ਲਈ ਅਪਲਾਈ ਕਰਦੇ ਹੋ, ਉਹ ਪਹਿਲਾਂ ਤੁਹਾਡੇ ਸੋਨੇ ਦੀ ਗੁਣਵੱਤਾ ਦੀ ਜਾਂਚ ਕਰਦੇ ਹਨ।

ਸੋਨੇ ਦੀ ਗੁਣਵੱਤਾ ਦੇ ਹਿਸਾਬ ਨਾਲ ਹੀ ਕਰਜ਼ੇ ਦੀ ਰਕਮ ਤੈਅ ਹੁੰਦੀ ਹੈ। ਆਮਤੌਰ ‘ਤੇ ਬੈਂਕ ਸੋਨੇ ਦੀ ਕੀਮਤ ਦਾ 75 ਫੀਸਦੀ ਕਰਜ਼ਾ ਦਿੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਇਸ ਸੰਕਟ ਵਿਚ ਇਹ ਫੈਸਲਾ ਕਾਫ਼ੀ ਫਾਇਦੇਮੰਦ ਹੋਵੇਗਾ ਕਿਉਂਕਿ ਆਮ ਆਦਮੀ ਅਤੇ ਛੋਟੇ ਕਾਰੋਬਾਰੀ ਅਪਣੇ ਸੋਨੇ ‘ਤੇ ਜ਼ਿਆਦਾ ਕਰਜ਼ਾ ਲੈ ਸਕਣਗੇ।

ਸੋਨੇ ‘ਤੇ ਕਰਜ਼ਾ ਲੈਣ ਲਈ ਵਿਅਕਤੀ ਨੂੰ ਸੰਸਥਾ ਕੋਲ ਅਪਣੇ ਕੇਵਾਈਸੀ ਦਸਤਾਵੇਜ਼ ਜਮ੍ਹਾਂ ਕਰਵਾਉਣੇ ਹੁੰਦੇ ਹਨ ਅਤੇ ਸੋਨੇ ਦੀ ਜਾਣਕਾਰੀ ਦੇਣੀ ਹੁੰਦੀ ਹੈ। ਇਸ ਤੋਂ ਬਾਅਦ ਹੀ ਕੰਪਨੀ ਜ਼ਿਆਦਾ ਤੋਂ ਜ਼ਿਆਦਾ ਕਰਜ਼ੇ ਦੀ ਰਕਮ ਜਾਂ ਮੌਜੂਦਾ ਸਕੀਮ ਬਾਰੇ ਜਾਣਕਾਰੀ ਦੇਵੇਗੀ। ਕਰਜ਼ਾ ਲੈਣ ਸਮੇਂ ਤੁਸੀਂ ਨਕਦ ਪੈਸੇ ਵੀ ਲੈ ਸਕਦੇ ਹੋ ਜਾਂ ਫਿਰ ਅਪਣੇ ਬੈਂਕ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਸਕਦੇ ਹੋ।  ਆਮਤੌਰ ‘ਤੇ 18 ਤੋਂ 24 ਕੈਰੇਟ ਵਾਲੇ ਸੋਨੇ ‘ਤੇ ਚੰਗੀ ਰਕਮ ਮਿਲਦੀ ਹੈ।

ਕੀ ਹੁੰਦਾ ਹੈ ਗੋਲਡ ਲੋਨ?

ਗੋਲਡ ਲੋਨ ਯਾਨੀ ਸੋਨੇ ‘ਤੇ ਕਰਜ਼ਾ ਇਕ ਅਜਿਹਾ ਸੁਰੱਖਿਅਤ ਕਰਜ਼ਾ ਹੈ ਜੋ ਤੁਹਾਨੂੰ ਉਧਾਰ ਦੇਣ ਵਾਲੇ ਬੈਂਕ ਨੂੰ ਜ਼ਮਾਨਤ ਦੇ ਤੌਰ ‘ਤੇ ਸੋਨੇ ਦੇ ਗਹਿਣੇ ਗਿਰਵੀ ਰੱਖਣ ‘ਤੇ ਮਿਲ ਸਕਦਾ ਹੈ। ਉਧਾਰ ਦੇਣ ਵਾਲੀ ਕੰਪਨੀ ਤੁਹਾਨੂੰ ਇਸ ਦੇ ਬਦਲੇ ਸੋਨੇ ਦੇ ਬਜ਼ਾਰੀ ਮੁੱਲ ਦੇ ਅਧਾਰ ‘ਤੇ ਕਰਜ਼ੇ ਦੀ ਰਕਮ ਦਿੰਦੀ ਹੈ। ਤੁਹਾਡੀ ਚੁਣੀ ਹੋਈ ਮਿਆਦ ਦੌਰਾਨ ਹੀ ਤੁਹਾਨੂੰ ਕਰਜ਼ੇ ਦੀ ਰਕਮ ਅਤੇ ਵਿਆਜ ਦਾ ਭੁਗਤਾਨ ਕਰਨਾ ਹੁੰਦਾ ਹੈ, ਇਸ ਤੋਂ ਬਾਅਦ ਤੁਹਾਡਾ ਸੋਨਾ ਵਾਪਸ ਕਰ ਦਿੱਤਾ ਜਾਂਦਾ ਹੈ।