'ਅੱਛੇ ਦਿਨ' ਹਾਲੇ ਬਾਕੀ ਹਨ, ਇਸ ਸਾਲ ਹੋਰ ਘੱਟ ਸਕਦੀ ਹੈ ਜੀਡੀਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਾਧਾ ਦਰ ਪੰਜ ਫ਼ੀ ਸਦੀ ਰਹਿਣ ਦਾ ਅਨੁਮਾਨ

File

ਨਵੀਂ ਦਿੱਲੀ- ਨਰਿੰਦਰ ਮੋਦੀ ਸਰਕਾਰ ਲਈ ਆਰਥਕ ਮੋਰਚੇ ਦੀਆਂ ਮੁਸ਼ਕਲਾਂ ਹਾਲੇ ਖ਼ਤਮ ਨਹੀਂ ਹੋਈਆਂ। ਦੇਸ਼ ਦੇ ਕੁਲ ਘਰੇਲੂ ਉਤਪਾਦ ਯਾਨੀ ਜੀਡੀਪੀ ਦੀ ਵਾਧਾ ਦਰ ਚਾਲੂ ਵਿੱਤ ਵਰ੍ਹੇ 2019-20 ਵਿਚ ਘੱਟ ਕੇ ਪੰਜ ਫ਼ੀ ਸਦੀ ਰਹਿਣ ਦਾ ਅਨੁਮਾਨ ਹੈ। ਸਰਕਾਰੀ ਅੰਕੜਿਆਂ ਵਿਚ ਇਹ ਅਨੁਮਾਨ ਲਾਇਆ ਗਿਆ ਹੈ।

ਪਿਛਲੇ ਵਿੱਤ ਵਰ੍ਹੇ 2018-19 ਵਿਚ ਆਰਥਕ ਵਾਧਾ ਦਰ 68 ਫ਼ੀ ਸਦੀ ਰਹੀ ਸੀ। ਕੌਮੀ ਸੰਖਿਅਕੀ ਦਫ਼ਤਰ ਨੇ ਮੰਗਲਵਾਰ ਨੂੰ ਰਾਸ਼ਟਰੀ ਆਮਦਨ ਦਾ ਪਹਿਲਾ ਅਗਾਊਂ ਅਨੁਮਾਨ ਜਾਰੀ ਕੀਤਾ। ਇਸ ਵਿਚ ਕਿਹਾ ਗਿਆ ਹੈ ਕਿ ਆਰਥਕ ਵਾਧਾ ਦਰ ਵਿਚ ਕਮੀ ਦਾ ਪ੍ਰਮੁੱਖ ਕਾਰਨ ਨਿਰਮਾਣ ਖੇਤਰ ਦੀ ਵਾਧਾ ਦਰ ਘਟਣਾ ਹੈ।

ਚਾਲੂ ਵਿੱਤ ਵਰ੍ਹੇ ਵਿਚ ਨਿਰਮਾਣ ਖੇਤਰ ਦੀ ਵਾਧਾ ਦਰ ਘੱਟ ਕੇ ਦੋ ਫ਼ੀ ਸਦੀ 'ਤੇ ਆਉਣ ਦਾ ਅਨੁਮਾਨ ਹੈ। ਇਸ ਨਾਲ ਪਿਛਲੇ ਵਿੱਤ ਵਰ੍ਹੇ ਵਿਚ ਇਹ 6.2 ਫ਼ੀ ਸਦੀ ਰਹੀ ਸੀ। ਅਗਾਊਂ ਅਨੁਮਾਨ ਮੁਤਾਬਕ ਖੇਤੀ, ਨਿਰਮਾਣ ਅਤੇ ਬਿਜਲੀ, ਗੈਸ ਅਤੇ ਜਲ ਸਪਲਾਈ ਜਿਹੇ ਖੇਤਰਾਂ ਦੀ ਵਾਧਾ ਦਰ ਵੀ ਹੇਠਾਂ ਆਵੇਗੀ। ਮਾਈਨਿੰਗ, ਲੋਕ ਪ੍ਰਸ਼ਾਸਨ ਅਤੇ ਰਖਿਆ ਜਿਹੇ ਖੇਤਰਾਂ ਦੀ ਵਾਧਾ ਦਰ ਵਿਚ ਮਾਮੂਲੀ ਸੁਧਾਰ ਦਾ ਅਨੁਮਾਨ ਹੈ। 

ਚਾਲੂ ਵਿੱਤ ਵਰ੍ਹੇ ਦੌਰਾਨ ਪ੍ਰਤੀ ਵਿਅਕਤੀ ਆਮਦਨ ਵਿਚ 6.8 ਫ਼ੀ ਸਦੀ ਵਾਧੇ ਦਾ ਅਨੁਮਾਨ- ਨਵੀਂ ਦਿੱਲੀ: ਚਾਲੂ ਵਿੱਤ ਵਰ੍ਹੇ ਦੌਰਾਨ ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ ਇਕ ਸਾਲ ਪਹਿਲਾਂ ਦੇ ਮੁਕਾਬਲੇ 6.8 ਫ਼ੀ ਸਦੀ ਵਧ ਕੇ 11254 ਰੁਪਏ ਪ੍ਰਤੀ ਮਹੀਨੇ ਤਕ ਪਹੁੰਚ ਜਾਣ ਦਾ ਅਨੁਮਾਨ ਹੈ। ਮੰਗਲਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਹ ਅਨੁਮਾਨ ਸਾਹਮਣੇ ਆਇਆ ਹੈ। ਪਿਛਲੇ ਸਾਲ 2018-19 ਵਿਚ ਦੇਸ਼ ਵਿਚ ਪ੍ਰਤੀ ਵਿਅਕਤੀ ਆਮਦਨ 10534 ਰੁਪਏ ਪ੍ਰਤੀ ਮਹੀਨਾ ਰਹੀ ਸੀ। 

ਕੇਂਦਰੀ ਸੰਖਿਅਕੀ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਦੁਆਰਾ 2019-20 ਦੇ ਕੌਮੀ ਆਮਦਨ ਦੇ ਪਹਿਲੇ ਅਗਾਊਂ ਅਨੁਮਾਨ ਮੁਤਾਬਕ ਸਾਲ 2019-20 ਵਿਚ ਪ੍ਰਤੀ ਵਿਅਕਤੀ ਕੌਮੀ ਆਮਦਨ 135050 ਰੁਪਏ ਰਹਿਣ ਦਾ ਅਨੁਮਾਨ ਹੈ। ਇਹ ਅੰਕੜਾ 2018-19 ਦੀ ਪ੍ਰਤੀ ਵਿਅਕਤੀ ਆਮਦਨ 126406 ਰੁਪਏ ਦੇ ਮੁਕਾਬਲੇ 6.8 ਫ਼ੀ ਸਦੀ ਜ਼ਿਆਦਾ ਹੈ। ਪ੍ਰਤੀ ਵਿਅਕਤੀ ਆਮਦਨ ਦਾ ਅੰਕੜਾ ਕਿਸੇ ਦੇਸ਼ ਵਿਚ ਖ਼ੁਸ਼ਹਾਲੀ ਦਾ ਸ਼ੁਰੂਆਤੀ ਸੰਕੇਤਕ ਮੰਨਿਆ ਜਾਂਦਾ ਹੈ। ਨਿਰਮਾਣ ਖੇਤਰ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ 2019-20 ਦੌਰਾਨ ਦੇਸ਼ ਦੀ ਆਰਥਕ ਵਾਧਾ ਦਰ ਪਿਛਲੇ 11 ਸਾਲ ਦੇ ਸੱਭ ਤੋਂ ਹੇਠਲੇ ਪੱਧਰ ਪੰਜ ਫ਼ੀ ਸਦੀ ਰਿਹਣ ਦਾ ਅਨੁਮਾਨ ਲਾਇਆ ਗਿਆ ਸੀ।