ਮੋਦੀ ਸਰਕਾਰ ਦੇ ਬਜਟ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਦੋ ਦਿਨਾਂ ਵਿਚ ਸੈਂਸੇਕਸ 'ਚ 1200 ਅੰਕਾਂ ਦੀ ਗਿਰਾਵਟ ; ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਡੁੱਬੇ

Sensex falls over 1200 points in two days, midcaps crack

ਮੁੰਬਈ : ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਆਮ ਬਜਟ ਸ਼ੇਅਰ ਬਾਜ਼ਾਰ ਨੂੰ ਪਸੰਦ ਨਹੀਂ ਆ ਰਿਹਾ ਹੈ। ਬਜਟ ਪੇਸ਼ ਹੋਣ ਦੇ ਦੋ ਦਿਨ ਅੰਦਰ ਹੀ ਸ਼ੇਅਰ ਬਾਜ਼ਾਰ 'ਚ ਜ਼ੋਰਦਾਰ ਗਿਰਾਵਟ ਵੇਖਣ ਨੂੰ ਮਿਲੀ ਹੈ। ਦੋ ਦਿਨਾਂ ਵਿਚ ਸੈਂਸੇਕਸ 'ਚ 1261.83 ਅੰਕ ਅਤੇ ਨਿਫ਼ਟੀ 'ਚ 388 ਅੰਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਸੋਮਵਾਰ ਨੂੰ 782.82 ਅੰਕਾਂ ਦੀ ਗਿਰਾਵਟ ਨਾਲ ਮੁੰਬਈ ਸਟਾਕ ਐਕਸਚੇਂਜ ਦਾ ਮੁੱਖ ਇੰਡੈਕਸ ਸੈਂਸੇਕਸ 38720.57 ਦੇ ਪੱਧਰ 'ਤੇ ਪੁੱਜ ਗਿਆ। ਉੱਥੇ ਹੀ 252.55 ਅੰਕਾਂ ਦੀ ਗਿਰਾਵਟ ਨਾਲ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 11558.60 ਦੇ ਪੱਧਰ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੱਭ ਤੋਂ ਵੱਧ ਗਿਰਾਵਟ ਆਟੋ ਸੈਕਟਰ ਦੇ ਸ਼ੇਅਰਾਂ 'ਚ ਵੇਖਣ ਨੂੰ ਮਿਲੀ ਹੈ। ਮਾਰੂਤੀ ਅਤੇ ਹੀਰੋ ਮੋਟੋਕਾਰਪ 'ਚ 5 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਵੇਖਣ ਨੂੰ ਮਿਲੀ। ਬਜਾਜ ਆਟੋ, ਯੈਸ ਬੈਂਕ, ਐਲ ਐਂਡ ਟੀ, ਮਹਿੰਦਰਾ ਐਂਡ ਮਹਿੰਦਰਾ ਅਤੇ ਓਐਨਜੀਸੀ ਸਾਰੇ 2 ਫ਼ੀਸਦੀ ਤਕ ਕਮਜੋਰ ਵਿਖਾਈ ਦਿੱਤੇ। ਆਰਆਈਐਲ 'ਚ 1 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ।

ਬਜਟ ਦੇ ਦਿਨ ਮਤਲਬ ਸ਼ੁਕਰਵਾਰ ਅਤੇ ਸੋਮਵਾਰ ਨੂੰ ਨਿਵੇਸ਼ਕਾਂ ਦੇ 5 ਲੱਖ ਕਰੋੜ ਰੁਪਏ ਤੋਂ ਵੱਧ ਡੁੱਬ ਚੁੱਕੇ ਹਨ। ਸ਼ੁਕਰਵਾਰ ਨੂੰ ਬੀਐਸਈ ਲਿਸਟਿਡ ਕੰਪਨੀਆਂ ਦੀ ਮਾਰਕੀਟ ਕੈਪ 153.58 ਕਰੋੜ ਰੁਪਏ ਸੀ, ਜੋ ਸੋਮਵਾਰ ਸਵੇਰੇ ਘੱਟ ਕੇ 148.43 ਕਰੋੜ 'ਤੇ ਆ ਗਈ। ਇਸ ਹਿਸਾਬ ਨਾਲ ਦੋ ਦਿਨ 'ਚ 5 ਲੱਖ ਕਰੋੜ ਤੋਂ ਵੱਧ ਦੀ ਗਿਰਾਵਟ ਆਈ ਹੈ।

ਮਾਰੂਤੀ ਸੁਜੁਕੀ ਦੇ ਸ਼ੇਅਰਾਂ 'ਚ ਗਿਰਾਵਟ ਜਾਰੀ ਹੈ। 6280.10 ਦੇ ਪੱਧਰ 'ਤੇ ਖੁੱਲਣ ਤੋਂ ਬਾਅਦ ਮਾਰੁਤੀ ਸੁਜੁਕੀ ਦੇ ਸ਼ੇਅਰ 'ਚ 194.85 ਅੰਕ ਮਤਲਬ 3.06 ਫ਼ੀਸਦੀ ਦੀ ਗਿਰਾਵਟ ਆਈ, ਜਿਸ ਤੋਂ ਬਾਅਦ ਇਹ 6169.90 ਦੇ ਪੱਧਰ 'ਤੇ ਪਹੁੰਚ ਗਿਆ। ਸ਼ੁਕਰਵਾਰ ਨੂੰ ਮਾਰੂਤੀ ਸੁਜੁਕੀ ਦਾ ਸ਼ੇਅਰ 6360 ਦੇ ਪੱਧਰ 'ਤੇ ਬੰਦ ਹੋਇਆ ਸੀ।

ਹਿੰਦੁਸਤਾਨ ਪਟਰੌਲੀਅਮ 'ਚ 3.4% ਅਤੇ ਭਾਰਤੀ ਪਟਰੌਲੀਅਮ 'ਚ 2% ਦਾ ਨੁਕਸਾਨ ਵੇਖਿਆ ਗਿਆ। ਇੰਡੀਅਨ ਆਇਲ ਦੇ ਸ਼ੇਅਰ 'ਚ 4.5% ਤੋਂ ਵੱਧ ਗਿਰਾਵਟ ਵੇਖੀ ਗਈ। ਕੌਮਾਂਤਰੀ ਬਾਜ਼ਾਰ 'ਚ ਕਰੂਡ ਆਇਲ ਦੀ ਕੀਮਤ ਵਧਣ ਕਾਰਨ ਤੇਲ ਕੰਪਨੀਆਂ ਦੇ ਸ਼ੇਅਰਾਂ 'ਚ ਬਿਕਵਾਲੀ ਦਾ ਦਬਾਅ ਹੈ। ਸੋਮਵਾਰ ਨੂੰ ਕਰੂਡ ਦਾ ਰੇਟ 0.1% ਵੱਧ ਕੇ 64.26 ਡਾਲਰ ਪ੍ਰਤੀ ਬੈਰਲ ਹੋ ਗਿਆ।