ਸੰਕਟ ਨਾਲ ਜੂਝ ਰਹੀ ਕੰਪਨੀ ਨੂੰ ਲੌਕਡਾਊਨ 'ਚ ਮਿਲਿਆ ਵਰਦਾਨ, ਵਿਕਰੀ ਨੇ ਤੋੜਿਆ 82 ਸਾਲ ਦਾ ਰਿਕਾਰਡ

ਏਜੰਸੀ

ਖ਼ਬਰਾਂ, ਵਪਾਰ

ਬੀਤੇ ਕਈ ਸਾਲਾਂ ਤੋਂ ਸੰਕਟ ਨਾਲ ਜੂਝ ਰਹੀ ਬਿਸਕੁਟ ਕੰਪਨੀ ਪਾਰਲੇ ਜੀ ਨੂੰ ਲੌਕਡਾਊਨ ਵਿਚ ਵੱਡਾ ਫਾਇਦਾ ਹੋਇਆ ਹੈ।

Parle G

ਨਵੀਂ ਦਿੱਲੀ: ਬੀਤੇ ਕਈ ਸਾਲਾਂ ਤੋਂ ਸੰਕਟ ਨਾਲ ਜੂਝ ਰਹੀ ਬਿਸਕੁਟ ਕੰਪਨੀ ਪਾਰਲੇ ਜੀ ਨੂੰ ਲੌਕਡਾਊਨ ਵਿਚ ਵੱਡਾ ਫਾਇਦਾ ਹੋਇਆ ਹੈ। ਕੰਪਨੀ ਮੁਤਾਬਕ ਲੌਕਡਾਊਨ ਦੌਰਾਨ ਉਸ ਦੀ ਵਿਕਰੀ ਬੀਤੇ 8 ਦਹਾਕਿਆਂ ਵਿਚ ਸਭ ਤੋਂ ਜ਼ਿਆਦਾ ਰਹੀ ਹੈ।

ਪਾਰਲੇ ਜੀ ਨੇ ਅਪਣੀ ਵਿਅਕਤੀ ਦਾ ਅੰਕੜਾ ਸਪੱਸ਼ਟ ਤੌਰ 'ਤੇ ਨਹੀਂ ਦਿੱਤਾ ਹੈ ਪਰ ਇਹ ਜ਼ਰੂਰ ਦੱਸਿਆ ਹੈ ਕਿ ਮਾਰਚ, ਅਪ੍ਰੈਲ ਅਤੇ ਮਈ ਦੇ ਮਹੀਨੇ ਵਿਚ ਉਸ ਦੀ ਵਿਕਰੀ 8 ਦਹਾਕਿਆਂ ਵਿਚ ਟਾਪ 'ਤੇ ਰਹੀ ਹੈ। ਕੰਪਨੀ ਲਈ ਇਹ ਵਾਧਾ ਇਸ ਲਈ ਅਹਿਮ ਹੈ ਕਿਉਂਕਿ ਬੀਤੇ ਸਾਲ ਕਮਜ਼ੋਰ ਮੰਗ ਨਾਲ ਜੂਝ ਰਹੀ ਕੰਪਨੀ ਨੇ ਵੱਡੇ ਪੱਧਰ 'ਤੇ ਛਾਂਟੀ ਦਾ ਐਲਾਨ ਵੀ ਕੀਤਾ ਸੀ।

ਪਾਰਲੇ ਜੀ ਦਾ ਕਹਿਣਾ ਸੀ ਕਿ ਉਸ ਦੀ ਵਿਕਰੀ ਵਿਚ ਅਚਾਨਕ ਗਿਰਾਵਟ ਆਈ ਹੈ। ਅਜਿਹੇ ਵਿਚ ਕੋਰੋਨਾ ਦੇ ਇਸ ਦੌਰ ਵਿਚ ਕੰਪਨੀ ਦੀ ਸੇਲ ਵਿਚ ਵਾਧਾ ਹੋਣਾ ਉਸ ਦੇ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। 1938 ਵਿਚ ਸਥਾਪਿਤ ਇਸ ਕੰਪਨੀ ਦੀ ਵਿਕਰੀ ਵਿਚ ਵਾਧੇ ਦਾ ਕਾਰਨ ਇਹ ਹੈ ਕਿ ਤਾਲਾਬੰਦੀ ਦੌਰਾਨ, ਲੋਕਾਂ ਨੇ ਇਸ ਨੂੰ ਬਹੁਤ ਜ਼ਿਆਦਾ ਖਰੀਦਿਆ ਹੈ ਅਤੇ ਚਾਹ ਅਤੇ ਨਾਸ਼ਤੇ ਦੌਰਾਨ ਲੋਕਾਂ ਨੇ ਇਸ ਬਿਸਕੁਟ ਨੂੰ ਸਭ ਤੋਂ ਵੱਧ ਖਾਧਾ ਹੈ।

ਇਕ ਰਿਪੋਰਟ ਅਨੁਸਾਰ ਪਾਰਲੇ ਜੀ ਦੀ ਵਿਕਰੀ ਵਿਚ ਵਾਧੇ ਦਾ ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਵੰਡੀ ਗਈ ਰਾਹਤ ਸਮੱਗਰੀ ਵਿਚ ਇਸ ਦਾ ਸ਼ਾਮਲ ਹੋਣਾ ਵੀ ਹੈ।
ਐਫਐਮਸੀਜੀ ਸੈਕਟਰ ਦੇ ਮਾਹਰਾਂ ਅਨੁਸਾਰ ਪਾਰਲੇ ਜੀ ਦੇ ਇਕ ਪੈਕੇਟ ਦੀ ਕੀਮਤ ਸਿਰਫ 5 ਰੁਪਏ ਹੋਣ ਕਾਰਨ ਮੰਗ ਵਧੀ ਹੈ।

ਪਾਰਲੇ ਜੀ ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰੋਡਕਟਸ ਦੇ ਕੈਟੇਗਰੀ ਹੈੱਡ ਨੇ ਕਿਹਾ ਹੈ ਕਿ  “ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਪਾਰਲੇ ਜੀ ਦੀ ਸੈੱਲ ਕੰਪਨੀ ਦੇ ਵਾਧੇ ਦਾ 80 ਤੋਂ 90 ਪ੍ਰਤੀਸ਼ਤ ਹੈ। ਇਹ ਵਾਧਾ ਅਨੁਮਾਨਤ ਨਹੀਂ ਹੈ। ”