3000 ਕਰੋੜ ਦੇ ਇਸ ਵਪਾਰ ਵਿਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ ਬਾਂਦਰ! ਹੁਣ ਸੰਕਟ ਵਿਚ ਕਾਰੋਬਾਰ

ਏਜੰਸੀ

ਖ਼ਬਰਾਂ, ਵਪਾਰ

ਥਾਈਲੈਂਡ ਦੁਨੀਆ ਵਿਚ ਨਾਰੀਅਲ ਦੇ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਇਹਨੀਂ ਦਿਨੀਂ ਇਹ ਵਪਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ

Monkey

ਬੈਂਗਕੋਕ: ਥਾਈਲੈਂਡ ਦੁਨੀਆ ਵਿਚ ਨਾਰੀਅਲ ਦੇ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ ਪਰ ਇਹਨੀਂ ਦਿਨੀਂ ਇਹ ਵਪਾਰ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਦਰਖ਼ਤਾਂ ਤੋਂ ਨਾਰੀਅਲ ਤੋੜਨ ਦਾ ਕੰਮ ਬਾਂਦਰ ਕਰਦੇ ਸੀ। ਹੁਣ ਥਾਈਲੈਂਡ ਦੇ ਨਾਰੀਅਲ ਅਤੇ ਇਸ ਨਾਲ ਬਣੇ ਪ੍ਰੋਡਕਟ ਦਾ ਯੂਰੋਪ ਸਮੇਤ ਦੁਨੀਆ ਭਰ ਵਿਚ ਵਿਰੋਧ ਹੋ ਰਿਹਾ ਹੈ।

ਨਿਊਜ਼ ਏਜੰਸੀ ਬਲੂਮਰਗ ਦੀ ਖ਼ਬਰ ਮੁਤਾਬਕ ਗੈਰ-ਸਰਕਾਰੀ ਸੰਸਥਾ ਪੇਟਾ ਇਸ ਦਾ ਵਿਰੋਧ ਕਰ ਰਹੀ ਹੈ। 40 ਕਰੋੜ ਡਾਲਰ ਯਾਨੀ ਕਰੀਬ 3000 ਕਰੋੜ ਰੁਪਏ ਦਾ ਇਹ ਕਾਰੋਬਾਰ ਕਾਫੀ ਹਦ ਤੱਕ ਬਾਂਦਰਾਂ ‘ਤੇ ਨਿਰਭਰ ਹੈ। ਪੇਟਾ ਨੇ ਇਲਜ਼ਾਮ ਲਗਾਇਆ ਹੈ ਕਿ ਥਾਈਲੈਂਡ ਵਿਚ ਬਾਂਦਰਾਂ ਦੇ ਨਾਲ ਮਾੜਾ ਵਰਤਾਅ ਕੀਤਾ ਜਾ ਰਿਹਾ ਹੈ।

ਇਹਨਾਂ ਕੋਲੋਂ ਮਸ਼ੀਨਾਂ ਦੀ ਤਰ੍ਹਾਂ ਕੰਮ ਕਰਵਾਇਆ ਜਾਂਦਾ ਹੈ। ਬਿਨਾਂ ਰੁਕੇ ਇਹ ਤੈਅ ਸਮੇਂ ਤੋਂ ਜ਼ਿਆਦਾ ਕੰਮ ਕਰ ਰਹੇ ਹਨ। ਪੇਟਾ ਦੀ ਰਿਪੋਰਟ ਤੋਂ ਬਾਅਦ ਦੁਨੀਆ ਭਰ ਵਿਚ ਥਾਈਲੈਂਡ ਦੇ ਨਾਰੀਅਲ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ। ਕਈ ਬ੍ਰਿਟਿਸ਼ ਸੁਪਰ ਮਾਰਕਿਟਾਂ ਨੇ ਥਾਈਲੈਂਡ ਨਾਰੀਅਲ ਉਤਪਾਦਾਂ ਨੂੰ ਵੇਚਣਾ ਬੰਦ ਕਰ ਦਿੱਤਾ ਹੈ।

ਥਾਈ ਦੇ ਇਕ ਪ੍ਰਮੁੱਖ ਨਿਰਮਾਤਾ ਨੇ ਵੀ ਦੱਸਿਆ ਕਿ ਕਈ ਅਮਰੀਕੀ ਅਤੇ ਆਸਟ੍ਰੇਲੀਆਈ ਰਿਟੇਲ ਵਿਕਰੇਤਾਵਾਂ ਨੇ ਵੀ ਇਸ ‘ਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮੰਗੇਤਰ, ਕੈਰੀ ਸਾਈਮੰਡਸ ਨੇ ਵੀ ਟਵੀਟ ਕਰ ਕੇ ਸਟੋਰ ਵਿਚ ਬਾਂਦਰਾਂ ਤੋਂ ਕੰਮ ਕਰਵਾਉਣ ਵਾਲੇ ਉਤਪਾਦਾਂ ਦਾ ਬਾਈਕਾਟ ਕਰਨ ਲਈ ਕਿਹਾ ਹੈ।

ਇੰਡਸਟਰੀ ਨੂੰ ਇਸ ਸੰਕਟ ਤੋਂ ਬਚਾਉਣ ਲਈ ਥਾਈਲੈਂਡ ਸਰਕਾਰ ਦੇ ਕਈ ਵੱਡੇ ਅਧਿਕਾਰੀਆਂ, ਨਾਰੀਅਲ ਵਪਾਰ ਨਾਲ ਜੁੜੇ ਕਾਰੋਬਾਰੀ ਅਤੇ ਵਪਾਰ ਮੰਤਰੀ ਨੇ ਬੁੱਧਵਾਰ ਨੂੰ ਇਕ ਖ਼ਾਸ ਬੈਠਕ ਕੀਤੀ। ਏਜੰਸੀ ਅਨੁਸਾਰ ਬੈਠਕ ਵਿਚ ਇਹ ਫੈਸਲਾ ਹੋਇਆ ਹੈ ਕਿ ਨਾਰੀਅਲ ਦੇ ਇਹਨਾਂ ਉਤਪਾਦਾਂ ‘ਤੇ ਸਾਫ ਲਿਖਣਾ ਹੋਵੇਗਾ ਕਿ ਇਹਨਾਂ ਵਿਚ ਬਾਂਦਰਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।