ਕੋਰੋਨਾ ਮਹਾਂਮਾਰੀ: ਬੰਦ ਹੋਏ ਵਪਾਰ, Cab ਚਾਲਕ ਆਮਦਨ ਲਈ ਸੜਕਾਂ ‘ਤੇ ਵੇਚ ਰਹੇ ਫਲ਼-ਸਬਜ਼ੀਆਂ!

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਨੇ ਦੇਸ਼ ਭਰ ਦੇ ਵਪਾਰ ਅਤੇ ਉਦਯੋਗ ਨੂੰ ਠੱਪ ਕਰ ਦਿੱਤਾ ਹੈ।

Cab Drivers Selling Fruits

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਨੇ ਦੇਸ਼ ਭਰ ਵਿਚ ਵਪਾਰ ਅਤੇ ਉਦਯੋਗ ਨੂੰ ਠੱਪ ਕਰ ਦਿੱਤਾ ਹੈ। ਲੋਕ ਇਸ ਮਹਾਂਮਾਰੀ ਦੇ ਦੌਰ ਵਿਚ ਅਪਣੀ ਆਮਦਨ ਲਈ ਨਵੇਂ ਵਪਾਰ ਦੀ ਤਲਾਸ਼ ਵਿਚ ਲੱਗੇ ਹੋਏ ਹਨ। ਇਸ ਦੇ ਚਲਦਿਆਂ ਹਾਲ ਹੀ ਵਿਚ ਇਕ ਖ਼ਬਰ ਆਈ ਸੀ ਕਿ ਕੈਬ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਓਲਾ ਅਤੇ ਉਬਰ ਨੇ ਹਜ਼ਾਰਾਂ ਦੀ ਗਿਣਤੀ ਵਿਚ ਡਰਾਇਵਰਾਂ ਦੀ ਕੰਮ ਤੋਂ ਛੁੱਟੀ ਕਰ ਦਿੱਤੀ ਹੈ।

ਹੁਣ ਇਹ ਡਰਾਇਵਰ ਅਪਣੀ ਆਮਦਨ ਲਈ ਨਵੇਂ ਕੰਮ ਨੂੰ ਅਪਣਾਉਣ ਲਈ ਮਜਬੂਰ ਹਨ। ਹਾਲ ਹੀ ਵਿਚ ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਚ ਕੈਬ ਚਾਲਕਾਂ ਦੀਆਂ ਕੁਝ ਅਜਿਹੀਆਂ ਹੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਹਨਾਂ ਵਿਚ ਕੈਬ ਚਾਲਕ ਫਲ਼ ਅਤੇ ਜੂਸ ਵੇਚਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਕਈ ਸ਼ਹਿਰਾਂ ਵਿਚ ਟੈਕਸੀ ਚਾਲਕਾਂ ਨੇ ਬੈਂਕ ਤੋਂ ਲੋਨ ਲੈ ਕੇ ਕਾਰਾਂ ਖਰੀਦੀਆਂ ਸਨ।

ਹੁਣ ਉਹਨਾਂ ਵੱਲੋਂ ਵਿਆਜ ਭਰਨਾ ਮੁਸ਼ਕਿਲ ਹੋ ਗਿਆ ਹੈ। ਇਸ ਲਈ ਉਹ ਫਲ ਵੇਚਣ ਲਈ ਮਜਬੂਰ ਹਨ। ਇਕ ਅੰਗਰੇਜ਼ੀ ਵੈੱਬਸਾਈਟ ਵਿਚ ਛਪੀ ਰਿਪੋਰਟ ਅਨੁਸਾਰ ਕਈ ਕੈਬ ਚਾਲਕਾਂ ਦੇ ਡਰਾਇਵਿੰਗ ਲਾਇਸੈਂਸ, ਰਜਿਸਟਰੇਸ਼ਨ ਅਤੇ ਫਿਟਨੈੱਸ ਸਰਟੀਫੀਕੇਟ ਦੀ ਮਿਆਦ ਵੀ ਖਤਮ ਹੋ ਗਈ ਹੈ। ਓਲਾ ਅਤੇ ਉਬਰ ਕੈਬ ਚਾਲਕਾਂ ਦੇ ਵਾਹਨ ਫਿਟਨੈਸ ਸਰਟੀਫਿਕੇਟ ਦੀ ਮਿਆਦ ਖਤਮ ਹੋਣ ਕਾਰਨ ਉਹਨਾਂ ਦੀ ਆਈਡੀ ਨੂੰ ਵੀ ਕੰਪਨੀ ਨੇ ਬਲਾਕ ਕਰ ਦਿੱਤਾ ਹੈ।

ਜਿਸ ਨਾਲ ਉਹਨਾਂ ਨੂੰ ਮਿਲ਼ਣ ਵਾਲੀਆਂ ਰਾਈਡਾਂ ਦੀ ਬੁਕਿੰਗ ਬੰਦ ਹੋ ਗਈ ਹੈ। ਹਾਲਾਂਕਿ ਧਿਆਨ ਦੇਣ ਵਾਲੀ ਗੱਲ ਇਹ  ਹੈ ਕਿ ਕੇਂਦਰ ਸਰਕਾਰ ਨੇ ਵਾਹਨ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਦੀ ਮਿਆਦ ਨੂੰ ਸਤੰਬਰ ਤੱਕ ਲਈ ਵਧਾ ਦਿੱਤਾ ਹੈ, ਇਸ ਦੇ ਬਾਵਜੂਦ ਓਲਾ ਅਤੇ ਉਬਰ ਆਦਿ ਪਲੇਟਫਾਰਮ ਕੈਬ ਚਾਲਕਾਂ ਨੂੰ ਲਾਇਸੈਂਸ ਰੀਨਿਊ ਕਰਵਾਉਣ ਲਈ ਪਰੇਸ਼ਾਨ ਕਰ ਰਹੇ ਹਨ।

ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਅਤੇ ਦਿੱਲੀ ਆਦਿ ਸੂਬਿਆਂ ਨੇ ਆਟੋ, ਟੈਕਸੀ ਅਤੇ ਕੈਬ ਚਾਲਕਾਂ ਨੂੰ ਰਾਹਤ ਪਹੁੰਚਾਉਣ ਲਈ ਇਹਨਾਂ ਦੇ ਖਾਤਿਆਂ ਵਿਚ ਕੁੱਲ 262 ਕਰੋੜ ਰੁਪਏ ਜਮਾਂ ਕਰਨ ਦਾ ਐਲਾਨ ਕੀਤਾ ਸੀ, ਇਸ ਸਕੀਮ ਵਿਚ ਕੁੱਲ 2,62,493 ਚਾਲਕਾਂ ਨੂੰ ਲਾਭ ਮਿਲਣ ਦੀ ਸੰਭਾਵਨਾ ਹੈ।