ਭਾਰਤ ਨੂੰ ਰੂਸੀ ਕੱਚੇ ਤੇਲ ’ਤੇ ਛੋਟ ਘਟ ਕੇ ਚਾਰ ਡਾਲਰ ਪ੍ਰਤੀ ਬੈਰਲ ’ਤੇ ਆਈ

ਏਜੰਸੀ

ਖ਼ਬਰਾਂ, ਵਪਾਰ

ਢੋਆ-ਢੁਆਈ ਦੀ ਲਾਗਤ ਪਛਮੀ ਦੇਸ਼ਾਂ ਤੋਂ ਦੁੱਗਣੀ

representational Image

ਨਵੀਂ ਦਿੱਲੀ: ਯੂਕਰੇਨ ਨਾਲ ਜੰਗ ਤੋਂ ਬਾਅਦ ਭਾਰਤ ਨੂੰ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ’ਤੇ ਜੋ ਛੋਟ ਜਾਂ ਰਿਆਇਤ ਮਿਲ ਰਹੀ ਸੀ, ਉਹ ਹੁਣ ਕਾਫ਼ੀ ਘਟ ਗਈ ਹੈ। ਜਦਕਿ ਦੂਜੇ ਪਾਸੇ ਰੂਸ ਵਲੋਂ ਇਸ ਤੇਲ ਦੀ ਢੋਆ-ਢੁਆਈ ਲਈ ਜਿਨ੍ਹਾਂ ਇਕਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਉਹ ਭਾਰਤ ਕੋਲੋਂ ਆਮ ਤੋਂ ਕਾਫ਼ੀ ਉੱਚੀ ਦਰ ਵਸੂਲ ਰਹੀਆਂ ਹਨ।

ਰੂਸ ਕੱਚੇ ਤੇਲ ਲਈ ਭਾਰਤੀ ਰਿਫ਼ਾਇਨਰੀ ਕੰਪਨੀਆਂ ਕੋਲੋਂ ਪੱਛਮ ਤੋਂ ਲਿਆਂਦੇ ਗਏ 60 ਡਾਲਰ ਪ੍ਰਤੀ ਬੈਰਲ ਦੀ ਕੀਮਤ ਤੋਂ ਘੱਟ ਕੀਮਤ ਵਸੂਲ ਰਿਹਾ ਹੈ। ਪਰ ਕੱਚੇ ਤੇਲ ਦੀ ਢੋਆ-ਢੁਆਈ ਲਈ 11 ਤੋਂ 19 ਡਾਲਰ ਪ੍ਰਤੀ ਬੈਰਲ ਦੀ ਕੀਮਤ ਵਸੂਲੀ ਜਾ ਰਹੀ ਹੈ। ਇਹ ਬਾਲਟਿਕ ਅਤੇ ਕਾਲਾ ਸਾਗਰ ਤੋਂ ਭਾਰਤ ਤਕ ਡਿਲੀਵਰੀ ਲਈ ਆਮ ਖ਼ਰਚ ਦਾ ਦੁੱਗਣਾ ਹੈ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਤਿੰਨ ਸੂਤਰਾਂ ਨੇ ਕਿਹਾ ਕਿ ਰੂਸੀ ਬੰਦਰਗਾਹਾਂ ਤੋਂ ਭਾਰਤ ਤਕ ਢੋਆ-ਢੁਆਈ ਦੀ ਲਾਗਤ 11-19 ਡਾਲਰ ਪ੍ਰਤੀ ਬੈਰਲ ਰਹੀ ਹੈ। ਇਹ ਤੁਲਨਾਤਮਕ ਰੂਪ ’ਚ ਫਾਰਸ ਦੀ ਖਾੜੀ ਤੋਂ ਰੋਟਰਡਮ ਤਕ ਦੀ ਆਵਾਜਾਈ ਲਾਗਤ ਤੋਂ ਬਹੁਤ ਉੱਚੀ ਹੈ। ਪਿਛਲੇ ਸਾਲ ਫਰਵਰੀ ’ਚ ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸੀ ਤੇਲ ’ਤੇ ਯੂਰਪੀ ਖ਼ਰੀਦਦਾਰਾਂ ਅਤੇ ਜਾਪਾਨ ਵਰਗੇ ਏਸ਼ੀਆ ਦੇ ਕੁਝ ਦੇਸ਼ਾਂ ਨੇ ਪਾਬੰਦੀ ਲਾ ਦਿਤੀ ਸੀ।

ਇਸ ਕਾਰਨ ਰੂਸੀ ਯੂਰਾਲਸ ਕੱਚੇ ਤੇਲ ਦਾ ਕਾਰੋਬਾਰ ਬਰੈਂਟ ਕੱਚੇ ਤੇਲ ਯਾਨੀਕਿ ਕੌਮਾਂਤਰੀ ਬੈਂਚਮਾਰਕ ਕੀਮਤ ਤੋਂ ਕਾਫ਼ੀ ਘੱਟ ਕੀਮਤਾਂ ’ਤੇ ਹੋਣ ਲੱਗਾ। ਹਾਲਾਂਕਿ, ਰੂਸੀ ਕੱਚੇ ਤੇਲ ’ਤੇ ਜੋ ਛੋਟ ਪਿਛਲੇ ਸਾਲ ਦੇ ਵਿਚਕਾਰ ’ਚ 30 ਡਾਲਰ ਪ੍ਰਤੀ ਬੈਰੀ ਸੀ, ਉਹ ਹੁਣ ਘਟ ਕੇ ਚਾਰ ਡਾਲਰ ਪ੍ਰਤੀ ਬੈਰਲ ’ਤੇ ਆ ਗਈ ਹੈ।
ਭਾਰਤੀ ਰਿਫ਼ਾਇਨਰੀ ਕੰਪਨੀਆਂ ਕੱਚੇ ਤੇਲ ਨੂੰ ਪਟਰੌਲ ਅਤੇ ਡੀਜ਼ਲ ਵਰਗੇ ਬਾਲਣ ’ਚ ਬਦਲਦੀਆਂ ਹਨ। ਅਜੇ ਇਹ ਕੰਪਨੀਆਂ ਰੂਸੀ ਤੇਲ ਦੀਆਂ ਸਭ ਤੋਂ ਵੱਡੀਆਂ ਖ਼ਰੀਦਦਾਰ ਹਨ। ਇਸ ਮਾਮਲੇ ’ਚ ਭਾਰਤ ਨੇ ਚੀਨ ਨੂੰ ਪਿੱਛੇ ਛੱਡ ਦਿਤਾ ਹੈ। ਅਰਥਵਿਵਸਥਾ ’ਚ ਸੁਸਤੀ ਅਤੇ ਗੱਡੀਆਂ ਦੇ ਵੱਡੇ ਪੱਧਰ ’ਤੇ ਬਿਜਲਈਕਰਨ ਕਾਰਨ ਚੀਨ ਦਾ ਰੂਸ ਤੋਂ ਕੱਚੇ ਤੇਲ ਦਾ ਆਯਾਤ ਬਹੁਤ ਘੱਟ ਗਿਆ ਹੈ।

ਰੂਸ ਤੋਂ ਸਸਤੇ ਕੱਚੇ ਤੇਲ ’ਤੇ ਅਪਣਾ ਕਬਜ਼ਾ ਕਰਨ ਲਈ ਭਾਰਤੀ ਰਿਫ਼ਾਇਨਰੀ ਕੰਪਨੀਆਂ ਨੇ ਕਾਫ਼ੀ ਤੇਜ਼ੀ ਨਾਲ ਅਪਣੀ ਖ਼ਰੀਦ ਵਧਾਈ ਹੈ। ਯੂਕਰੇਨ ਜੰਗ ਤੋਂ ਪਹਿਲਾਂ ਰੂਸ ਦੀ ਭਾਰਤ ਦੀ ਕੁਲ ਕੱਚੇ ਤੇਲ ਦੀ ਖ਼ਰੀਦ ’ਚ ਸਿਰਫ਼ ਦੋ ਫ਼ੀ ਸਦੀ ਹਿੱਸੇਦਾਰੀ ਸੀ ਜੋ ਅੱਜ ਵਧ ਕੇ 44 ਫ਼ੀ ਸਦੀ ’ਤੇ ਪਹੁੰਚ ਗਈ ਹੈ। ਪਰ ਹੁਣ ਰੂਸੀ ਕੱਚੇ ਤੇਲ ’ਤੇ ਛੋਟ ਜਾਂ ਰਿਆਇਤ ਕਾਫ਼ੀ ਘਟ ਗਈ ਹੈ।

ਇਹ ਵੀ ਪੜ੍ਹੋ:  ਦਿੱਲੀ ’ਚ 1982 ਤੋਂ ਬਾਅਦ ਜੁਲਾਈ ਮਹੀਨੇ ਦੌਰਾਨ ਇਕ ਦਿਨ ਦਾ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ

ਇਸ ਦਾ ਕਾਰਨ ਇਹ ਹੈ ਕਿ ਸਰਕਾਰੀ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.), ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (ਬੀ.ਪੀ.ਸੀ.ਐਲ.), ਮੰਗਲੌਰ ਰਿਫ਼ਾਇਨਰੀ ਐਂਡ ਪੈਟਰੋਕੈਮੀਕਲ ਲਿਮਟਡ ਅਤੇ ਐਚ.ਪੀ.ਸੀ.ਐਲ.-ਮਿੱਤਲ ਐਨਰਜੀ ਲਿਮਟਡ ਨਾਲ ਨਿਜੀ ਰਿਫ਼ਾਇਨਰੀ ਕੰਪਨੀਆਂ ਜਿਵੇਂ ਰਿਲਾਇੰਸ ਇੰਸਟਰੀਜ਼ ਲਿਮਟਡ ਅਤੇ ਨਾਇਰਾ ਐਨਰਜੀ ਲਿਮਟਡ ਰੂਸ ਨਾਲ ਕੱਚੇ ਤੇਲ ਦੇ ਸੌਦਿਆਂ ਲਈ ਵੱਖੋ-ਵੱਖ ਗੱਲਬਾਤ ਕਰ ਰਹੀਆਂ ਹਨ।

ਸੂਤਰਾਂ ਨੇ ਕਿਹਾ ਕਿ ਇਹ ਉੱਚੀ ਛੋਟ ਰਹਿ ਸਕਦੀ ਸੀ, ਜੇਕਰ ਸਰਕਾਰੀ ਇਕਾਈਆਂ ਇਸ ਬਾਰੇ ਸਾਰਿਆਂ ਨਾਲ ਮਿਲ ਕੇ ਗੱਲਬਾਤ ਕਰਦੀਆਂ। ਫਿਲਹਾਲ ਰੂਸ ਤੋਂ ਹਰ ਰੋਜ਼ 20 ਲੱਖ ਬੈਰਲ ਕੱਚਾ ਤੇਲ ਆ ਰਿਹਾ ਹੈ। ਇਸ ’ਚ ਜਨਤਕ ਖੇਤਰ ਦੀਆਂ ਇਕਾਈਆਂ ਦਾ ਹਿੱਸਾ ਲਗਭਗ 60 ਫ਼ੀ ਸਦੀ ਹੈ। ਯੂਕਰੇਨ ’ਤੇ ਰੂਸ ਦੇ ਹਮਲੇ ਤੋਂ ਪਹਿਲਾਂ ਫ਼ਰਵਰੀ, 2022 ਤਕ ਖ਼ਤਮ 12 ਮਹੀਨਿਆਂ ਦੇ ਸਮੇਂ ’ਚ ਭਾਰਤ ਰੂਸ ਤੋਂ ਹਰ ਰੋਜ਼ 44,500 ਬੈਰਲ ਕੱਚਾ ਤੇਲ ਖ਼ਰੀਦਦਾ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਸਮੁੰਦਰ ਦੇ ਰਸਤੇ ਭਾਰਤ ਦੀ ਰੂਸੀ ਕੱਚੇ ਤੇਲ ਦੀ ਖ਼ਰੀਦ ਚੀਨ ਨੂੰ ਪਾਰ ਕਰ ਗਈ ਹੈ।

ਸੂਤਰਾਂ ਨੇ ਕਿਹਾ ਕਿ ਭਾਰਤੀ ਰਿਫ਼ਾਇਨਰੀ ਕੰਪਨੀਆਂ ਰੂਸ ਤੋਂ ਕੱਚੇ ਤੇਲ ਦੀ ਖ਼ਰੀਦ ਉਸ ਦੀ ਸਪਲਾਈ ਕੀਤੇ ਜਾਣ ਦੇ ਆਧਾਰ ’ਤੇ ਖ਼ਰੀਦੀਆਂ ਹਨ। ਇਸ ਕਾਰਨ ਰੂਸ ਨੂੰ ਤੇਲ ਦੀ ਆਵਾਜਾਈ ਅਤੇ ਬੀਮਾ ਦਾ ਪ੍ਰਬੰਧ ਕਰਨਾ ਪੈਂਦਾ ਹੈ। ਹਾਲਾਂਕਿ, ਰੂਸ ਤੋਂ ਕੱਚਾ ਤੇਲ 60 ਡਾਲਰ ਪ੍ਰਤੀ ਬੈਰਲ ਤੋਂ ਘੱਟ ਦੀ ਕੀਮਤ ’ਤੇ ਮਿਲ ਰਿਹਾ ਹੈ, ਪਰ ਕੁਲ ਮਿਲਾ ਕੇ ਇਹ ਰਕਮ 70 ਤੋਂ 75 ਡਾਲਰ ਪ੍ਰਤੀ ਬੈਰਲ ਬੈਠ ਰਹੀ ਹੈ।