ਗੂਗਲ ਨੇ ਖ਼ਬਰ ਕਾਰੋਬਾਰ ਤੋਂ 2018 'ਚ ਕਮਾਏ 4.7 ਅਰਬ ਡਾਲਰ : ਅਧਿਐਨ

ਏਜੰਸੀ

ਖ਼ਬਰਾਂ, ਵਪਾਰ

ਇਹ ਕਮਾਈ ਗੂਗਲ ਨਿਊਜ਼ ਜਾਂ ਸਰਚ ਦੇ ਜ਼ਰੀਏ ਕੀਤੀ

Google Made $4.7 Billion From the News Industry in 2018, Says Study

ਵਾਸ਼ਿੰਗਟਨ : ਗੂਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਤੋਂ 4.7 ਡਾਲਰ ਦੀ ਕਮਾਈ ਕੀਤੀ। ਇਹ ਕਮਾਈ ਉਸ ਨੇ ਗੂਗਲ ਨਿਊਜ਼ ਜਾਂ ਸਰਚ ਦੇ ਜ਼ਰੀਏ ਕੀਤੀ ਹੈ। ਇਹ ਮੀਡੀਆ ਘਰਾਣੇ ਦੀ ਆਨਲਾਈਨ ਵਿਗਿਆਪਨ ਤੋਂ ਹੋਣ ਵਾਲੀ ਕਮਾਈ 'ਚ ਭਾਰੀ ਕਟੌਤੀ ਹੈ ਜਿਹੜੀ ਕਿ ਉਨ੍ਹਾਂ ਦੀ ਕਮਾਈ ਦਾ ਮੁੱਖ ਸਾਧਨ ਹੈ। ਇਸ ਦੇ ਕਾਰਨ ਕਈ ਮੀਡੀਆ ਘਰਾਣਿਆਂ ਦਾ ਆਪਰੇਸ਼ਨ ਸੀਮਤ ਹੋ ਗਿਆ ਜਾਂ ਫਿਰ ਉਹ ਬੰਦ ਹੋ ਗਏ। ਨਿਊਜ਼ ਮੀਡੀਆ ਅਲਾਇੰਸ (ਐਨ. ਐਮ. ਏ.) ਦੀ ਸੋਮਵਾਰ ਨੂੰ ਜਾਰੀ ਰੀਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਐਨ. ਐਮ. ਏ. ਅਮਰੀਕਾ ਦੇ 2,000 ਤੋਂ ਵੀ ਜ਼ਿਆਦਾ ਅਖ਼ਬਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਗੂਗਲ ਦੇ ਕਾਰੋਬਾਰ 'ਚ ਖ਼ਬਰਾਂ ਦਾ ਅਹਿਮ ਯੋਗਦਾਨ ਹੈ। ਨਿਊਯਾਰਕ ਟਾਈਮਜ਼ ਨੇ ਐਨ. ਐਮ. ਏ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਡੇਵਿਡ ਸ਼ੇਵਰਨ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਪੱਤਰਕਾਰਾਂ ਨੇ ਇਹ ਕੰਟੈਂਟ (ਲੇਖ ਅਤੇ ਵੀਡੀਉ) ਤਿਆਰ ਕੀਤੇ ਉਨ੍ਹਾਂ ਨੂੰ ਇਸ 4.7 ਅਰਬ ਡਾਲਰ ਦਾ ਕੁਝ ਹਿੱਸਾ ਮਿਲਣਾ ਚਾਹੀਦੈ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਗੂਗਲ ਨੇ ਅਪਣੇ ਸਰਚ ਅਤੇ ਗੂਗਲ ਨਿਊਜ਼ ਰਾਹੀਂ 2018 ਵਿਚ ਅਖ਼ਬਾਰਾਂ ਅਤੇ ਪ੍ਰਕਾਸ਼ਕਾਂ ਦੇ ਕੰਮ ਤੋਂ ਇਹ ਕਮਾਈ ਕੀਤੀ ਹੈ। ਐਨ. ਐਮ. ਏ. ਨੇ ਸਾਵਧਾਨ ਕੀਤਾ ਕਿ ਇਸ ਅਨੁਮਾਨ ਵਿਚ ਗੂਗਲ ਦੀ ਉਸ ਆਮਦਨ ਨੂੰ ਨਹੀਂ ਜੋੜਿਆ ਗਿਆ ਹੈ ਜਿਹੜੀ ਕਿ ਉਸ ਨੂੰ ਕਿਸੇ ਉਪਭੋਗਤਾ ਦੇ ਕਿਸੇ ਲੇਖ ਨੂੰ ਪਸੰਦ ਕਰਨ ਜਾਂ ਕਲਿਕ ਕਰਨ ਨਾਲ ਹਰ ਵਾਰ ਇਕੱਠੀ ਕੀਤੀ ਜਾਣ ਵਾਲੀ ਨਿੱਜੀ ਜਾਣਕਾਰੀ ਤੋਂ ਹੁੰਦੀ ਹੈ।