55ਵੇਂ ਜਨਮ ਦਿਨ 'ਤੇ ਰਿਟਾਇਰ ਹੋਏ ਅਲੀਬਾਬਾ ਕੰਪਨੀ ਦੇ ਚੇਅਰਮੈਨ ਜੈਕ ਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੈਕ ਮਾ ਹੁਣ ਬੱਚਿਆਂ ਨੂੰ ਪੜ੍ਹਾਉਣ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੁੜਨਗੇ

Jack Ma steps down as chairman of Alibaba

ਹੋਂਗਝੂ : ਚੀਨ ਦੇ ਅਲੀਬਾਬਾ ਗਰੁੱਪ ਦੇ ਚੇਅਰਮੈਨ ਜੈਕ ਮਾ (55) ਮੰਗਲਵਾਰ ਨੂੰ ਰਿਟਾਇਰ ਹੋ ਗਏ। ਉਨ੍ਹਾਂ ਨੇ ਸੀਈਓ ਡੇਨੀਅਲ ਝਾਂਗ (47) ਨੂੰ ਕਮਾਨ ਸੌਂਪ ਦਿੱਤੀ। ਚੀਨ ਦੇ ਹੋਂਗਝੂ ਸ਼ਹਿਰ 'ਚ ਸਥਿਤ ਓਲੰਪਿਕ ਸਪੋਰਟਸ ਸਟੇਡੀਅਮ 'ਚ 80 ਹਜ਼ਾਰ ਲੋਕਾਂ ਵਿਚਕਾਰ ਜੈਕ ਨੇ ਇਹ ਐਲਾਨ ਕੀਤਾ। ਜੈਕ ਨੇ ਆਪਣੀ ਰਿਟਾਇਰਮੈਂਟ ਦਾ ਐਲਾਨ ਇਕ ਸਾਲ ਪਹਿਲਾਂ ਹੀ ਕਰ ਦਿੱਤਾ ਸੀ।

ਜੈਕ ਮਾ ਹੁਣ ਬੱਚਿਆਂ ਨੂੰ ਪੜ੍ਹਾਉਣ ਅਤੇ ਸਮਾਜ ਸੇਵਾ ਦੇ ਕੰਮਾਂ ਨਾਲ ਜੁੜਨਗੇ। 1999 'ਚ ਅਲੀਬਾਬਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਉਹ ਅੰਗਰੇਜ਼ੀ ਦੇ ਅਧਿਆਪਕ ਸਨ। ਰਿਟਾਇਰਮੈਂਟ ਲਈ ਉਨ੍ਹਾਂ ਨੇ ਆਪਣੇ ਜਨਮ ਦਿਨ ਅਤੇ ਟੀਚਰਜ਼ ਡੇਅ ਦਾ ਦਿਨ ਚੁਣਿਆ। ਜੈਕ ਮਾ ਦਾ ਅੱਜ ਜਨਮ ਦਿਨ ਵੀ ਹੈ। ਚੀਨ 'ਚ ਟੀਚਰਜ਼ ਡੇਅ 10 ਸਤੰਬਰ ਨੂੰ ਮਨਾਇਆ ਜਾਂਦਾ ਹੈ। ਜੈਕ ਅਗਲੇ ਸਾਲ ਤਕ ਸਲਾਹਕਾਰ ਵਜੋਂ ਕੰਪਨੀ ਦੇ ਬੋਰਡ 'ਚ ਬਣੇ ਰਹਿਣਗੇ। ਅਲੀਬਾਬਾ ਗਰੁੱਪ 460 ਅਰਬ ਡਾਲਰ ਦੀ ਕੰਪਨੀ ਹੈ। 

ਗ਼ਰੀਬੀ 'ਚ ਬੀਤਿਆ ਬਚਪਨ :
ਜੈਕ ਮਾ ਦਾ ਜਨਮ 10  ਸਤੰਬਰ 1964 ਨੂੰ ਚੀਨ ਦੇ ਇਕ ਪਿੰਡ 'ਚ ਬਹੁਤ ਹੀ ਗ਼ਰੀਬ ਪਰਵਾਰ ਵਿਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਘੱਟ ਪੜ੍ਹੇ-ਲਿਖੇ ਸਨ। ਉਸ ਦੇ ਪਿਤਾ ਘਰ ਦਾ ਖ਼ਰਚਾ ਚਲਾਉਣ ਲਈ ਨਾਟਕਾਂ 'ਚ ਭਾਗ ਲੈਂਦੇ ਸਨ ਅਤੇ ਲੋਕਾਂ ਨੂੰ ਕਹਾਣੀਆਂ ਸੁਣਾਇਆ ਕਰਦੇ ਸਨ। ਬਚਪਨ ਤੋਂ ਹੀ ਜੈਕ ਨੂੰ ਇੰਗਲਿਸ਼ ਸਿੱਖਣ ਦਾ ਬਹੁਤ ਸ਼ੌਕ ਸੀ ਪਰ ਉਨ੍ਹਾਂ ਦੇ ਪਰਵਾਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉਸ ਨੂੰ ਕਿਸੇ ਚੰਗੇ ਸਕੂਲ ਵਿਚ ਪੜ੍ਹਾ ਸਕਦੇ। 

ਸੈਲਾਨੀਆਂ ਨੂੰ ਮੁਫ਼ਤ ਸੈਰ-ਸਪਾਟਾ ਕਰਵਾ ਕੇ ਸਿੱਖੀ ਅੰਗਰੇਜ਼ੀ ਭਾਸ਼ਾ :
ਇੰਗਲਿਸ਼ ਸਿੱਖਣ ਲਈ ਜੈਕ ਸਕੂਲ ਵਿਚ ਭਾਵੇਂ ਨਹੀਂ ਪੜ੍ਹ ਸਕਿਆ ਸੀ ਪਰ ਉਹ ਚੀਨ ਵਿਚ ਆਉਣ ਵਾਲੇ ਸੈਲਾਨੀਆਂ ਨੂੰ ਮਿਲਣ ਜਾਂਦਾ ਸੀ ਅਤੇ ਮੁਫ਼ਤ ਵਿਚ ਉਨ੍ਹਾਂ ਨੂੰ ਆਪਣਾ ਸ਼ਹਿਰ ਘੁੰਮਾਉਂਦਾ ਸੀ। ਇਸ ਨਾਲ ਉਹ ਸੈਲਾਨੀਆਂ ਕੋਲੋਂ ਥੋੜੀ ਬਹੁਤ ਇੰਗਲਿਸ਼ ਸਿੱਖ ਲੈਂਦਾ ਸੀ। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਚੀਨ ਵਿਚ ਉਸ ਸਮੇਂ ਇੰਗਲਿਸ਼ ਭਾਸ਼ਾ ਦੀ ਕੋਈ ਜ਼ਰੂਰਤ ਨਹੀਂ ਸੀ, ਚੀਨੀ ਹੀ ਉੱਥੋਂ ਦੀ ਮੁੱਖ ਭਾਸ਼ਾ ਸੀ। ਫਿਰ ਵੀ ਜੈਕ ਇੰਗਲਿਸ਼ ਸਿੱਖਣ ਲਈ ਬਹੁਤ ਉਤਸ਼ਾਹਿਤ ਰਹਿੰਦਾ ਸੀ। ਉਸ ਨੇ ਆਪਣੇ ਕਈ ਸਾਲ ਸੈਲਾਨੀਆਂ ਨੂੰ ਘੁੰਮਾਉਣ ਦੇ ਕੰਮ ਵਿਚ ਹੀ ਲਗਾ ਦਿੱਤੇ ਅਤੇ ਹੁਣ ਉਹ ਫਰਾਟੇਦਾਰ ਇੰਗਲਿਸ਼ ਬੋਲਣੀ ਸਿੱਖ ਗਿਆ ਸੀ। ਇਸੇ ਦੌਰਾਨ ਉਸ ਦੀ ਦੋਸਤੀ ਅਮਰੀਕਾ ਤੋਂ ਆਏ ਇਕ ਸੈਲਾਨੀ ਨਾਲ ਹੋ ਗਈ। ਉਸ ਨੇ ਹੀ ਜੈਕ ਨੂੰ ਉਸ ਦਾ ਨਾਂ ਜੈਕ ਮਾ ਦਿੱਤਾ। ਜੈਕ ਦਾ ਅਸਲੀ ਨਾਂ ਮਾ ਯੁਨ ਸੀ, ਜਿਸ ਦਾ ਉਚਾਰਨ ਬਹੁਤ ਮੁਸ਼ਕਲ ਸੀ। ਇਸ ਕਾਰਨ ਉਸ ਦੇ ਟੂਰਿਸਟ ਮਿੱਤਰ ਨੇ ਉਸ ਦਾ ਨਾਂ ਬਦਲ ਕੇ ਜੈਕ ਮਾ ਕਰ ਦਿੱਤਾ।

5ਵੀਂ 'ਚ ਦੋ ਵਾਰ ਅਤੇ 8ਵੀਂ 'ਚ ਤਿੰਨ ਵਾਰ ਫੇਲ ਹੋਏ :
ਜੈਕ ਪੜਾਈ ਵਿਚ ਬਹੁਤ ਕਮਜ਼ੋਰ ਸੀ। ਸਕੂਲ ਸਮੇਂ ਉਹ ਪੰਜਵੀਂ ਕਲਾਸ ਵਿਚ ਦੋ ਵਾਰ ਅਤੇ ਅਠਵੀਂ ਕਲਾਸ ਵਿਚ ਤਿੰਨ ਵਾਰ ਫੇਲ ਹੋ ਗਿਆ ਸੀ। ਉਹ ਹਾਵਰਡ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ 10 ਵਾਰ ਯੂਨੀਵਰਸਿਟੀ ਵਿਚ ਐਡਮਿਸ਼ਨ ਲਈ ਅਪਲਾਈ ਕੀਤਾ ਪਰ ਹਰ ਵਾਰ ਅਸਫਲ ਰਿਹਾ। ਉਸ ਨੂੰ ਇਸ ਯੂਨੀਵਰਸਿਟੀ 'ਚ ਦਾਖਲਾ ਨਾ ਮਿਲ ਸਕਿਆ। ਬਾਅਦ ਵਿਚ ਉਸ ਨੂੰ ਹੋਂਗਝੂ ਯੂਨੀਵਰਸਿਟੀ ਵਿਚ ਦਾਖ਼ਲਾ ਮਿਲ ਗਿਆ। ਇਥੋਂ ਉਸ ਨੇ ਇੰਗਲਿਸ਼ ਵਿਚ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ।  

30 ਥਾਵਾਂ ਇੰਟਰਵਿਊ ਦਿੱਤੀ, ਪਰ ਨਾ ਮਿਲੀ ਨੌਕਰੀ :
ਡਿਗਰੀ ਮਿਲਣ ਤੋਂ ਬਾਅਦ ਜੈਕ ਨੌਕਰੀ ਦੀ ਖੋਜ ਵਿਚ ਲੱਗ ਗਿਆ। ਉਸ ਨੇ 30 ਥਾਵਾਂ 'ਤੇ ਵੱਖ-ਵੱਖ ਇੰਟਰਵਿਊ ਦਿੱਤੇ ਪਰ ਹਰ ਥਾਂ ਤੋਂ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ। ਉਸ ਨੇ ਪੁਲਿਸ ਲਈ ਵੀ ਅਰਜੀ ਦਿੱਤੀ ਪਰ ਉਹ ਵੀ ਮੰਨੀ ਨਹੀਂ ਗਈ। ਇਸੇ ਦੌਰਾਨ ਕੇਐਫਸੀ, ਜਿਸ ਨੇ ਚੀਨ ਵਿਚ ਨਵਾਂ-ਨਵਾਂ ਕਾਰੋਬਾਰ ਸ਼ੁਰੂ ਕੀਤਾ ਸੀ, ਵਿਚ ਵੀ ਅਪਲਾਈ ਕੀਤਾ। ਕੇਐਫਸੀ ਲਈ ਉਸ ਸਮੇਂ ਕੁੱਲ 24 ਲੋਕਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿਚੋਂ 23 ਦੀ ਸਿਲੈਕਸ਼ਨ ਹੋ ਗਈ। ਇਕ ਹੀ ਬੰਦਾ ਰਿਜੈਕਟ ਹੋਇਆ, ਉਹ ਸੀ ਜੈਕ ਮਾ, ਮਤਲਬ ਇਥੇ ਵੀ ਨੌਕਰੀ ਨਾ ਮਿਲੀ। ਕੁੱਝ ਸਮੇਂ ਹੋਰ ਯਤਨ ਕਰਨ ਤੋਂ ਬਾਅਦ ਉਸ ਦੀ ਸਿਲੈਕਸ਼ਨ ਉਸੇ ਯੂਨੀਵਰਸਿਟੀ ਵਿਚ, ਜਿੱਥੋਂ ਉਸ ਨੇ ਗ੍ਰੈਜੂਏਸ਼ਨ ਕੀਤੀ ਸੀ, ਬਤੌਰ ਅੰਗਰੇਜ਼ੀ ਲੈਕਚਰਾਰ ਹੋ ਗਈ। ਜੈਕ ਨੇ ਇਥੇ 6 ਸਾਲ ਤਕ ਨੌਕਰੀ ਕੀਤੀ। ਮਗਰੋਂ ਅਗਲੇ ਦੋ ਸਾਲ ਤਕ ਇੰਟਰਨੈਸ਼ਨਲ ਟਰੇਡ ਕੰਪਨੀ ਨਾਲ ਨੌਕਰੀ ਕਰਦਾ ਰਿਹਾ।

ਇੰਝ ਬਦਲੀ ਜੈਕ ਦੀ ਕਿਸਮਤ :
ਇਸੇ ਦੌਰਾਨ ਜੈਕ ਨੂੰ ਉਸ ਦੇ ਪੁਰਾਣੇ ਟੂਰਿਸਟ ਮਿੱਤਰ, ਜੋ ਅਮਰੀਕਾ  'ਚ ਰਹਿੰਦਾ ਸੀ, ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ। ਉਥੇ ਪਹੁੰਚਣ 'ਤੇ ਜੈਕ ਨੇ ਇੰਟਰਨੈੱਟ ਬਾਰੇ ਸੁਣਿਆ। ਉਸ ਦੇ ਅਮੇਰੀਕੀ ਦੋਸਤ ਕੋਲ ਕੰਪਿਊਟਰ ਸੀ, ਜਿਸ ਵਿੱਚ ਉਹ ਇੰਟਰਨੈੱਟ ਵਰਤਦਾ ਸੀ। ਜੈਕ ਵੀ ਇੰਟਰਨੈੱਟ ਬਾਰੇ ਸੁਣ ਕੇ ਕਾਫੀ ਉਤਸ਼ਾਹਿਤ ਹੋ ਗਿਆ ਅਤੇ ਉਸ ਨੇ ਇੰਟਰਨੈੱਟ 'ਤੇ ਪਹਿਲਾ ਸ਼ਬਦ BEER ਸਰਚ ਕੀਤਾ। ਬੀਅਰ ਬਾਰੇ ਵੱਖ-ਵੱਖ ਪੇਜ ਵੇਖ ਕੇ ਜੈਕ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸ ਨੇ ਬੀਅਰ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ ਪਰ ਇਸੇ ਦੌਰਾਨ ਬੀਅਰ ਬਾਰੇ ਚੀਨ ਦਾ ਕੋਈ ਜ਼ਿਕਰ ਉਸ ਨੂੰ ਇੰਟਰਨੈੱਟ ’ਤੇ ਨਾ ਮਿਲਿਆ।

ਜੈਕ ਨੂੰ ਕਾਫੀ ਨਿਰਾਸ਼ਾ ਹੋਈ। ਉਸੇ ਸਮੇਂ ਉਸ ਨੇ ਫ਼ੈਸਲਾ ਕੀਤਾ ਕਿ ਉਹ ਛੇਤੀ ਹੀ ਇਕ ਅਜਿਹੀ ਵੈੱਬਸਾਈਟ ਬਣਾਵੇਗਾ ਜਿਸ ਵਿਚ ਚੀਨ ਦੇ ਵਪਾਰ ਬਾਰੇ ਸਾਰੀ ਜਾਣਕਾਰੀ ਹੋਵੇਗੀ। ਜੈਕ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਬੱਚਤ ਦੇ ਪੈਸੇ ਨੂੰ ਇਕੱਠੇ ਕਰ ਕੇ ਇਕ ਨਵੀਂ ਕੰਪਨੀ ‘China Yellow Pages’ ਬਣਾਈ ਪਰ ਇਹ ਕੰਪਨੀ ਬੁਰੀ ਤਰ੍ਹਾਂ ਫ਼ਲਾਪ ਹੋ ਗਈ। ਉਸ ਦੇ ਸਾਰੇ ਪੈਸੇ ਡੁੱਬ ਗਏ ਅਤੇ ਉਹ ਪੂਰੀ ਤਰ੍ਹਾਂ ਕੰਗਾਲ ਅਤੇ ਕਰਜ਼ਦਾਰ ਹੋ ਗਿਆ। ਉਸ ਨੂੰ ਫਿਰ ਤੋਂ ਨੌਕਰੀ ਕਰਨੀ ਪਈ ਪਰ ਕੁੱਝ ਹੀ ਸਮੇਂ ਬਾਅਦ ਉਸ ਨੇ ਫਿਰ ਇਕ ਨਵੀਂ ਸੋਚ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਜੈਕ ਨੇ Alibaba.com ਦੀ ਸਥਾਪਨਾ ਕੀਤੀ।