ਅਮਰੀਕੀ ਮੋਟਰਸਾਈਕਲਾਂ 'ਤੇ ਭਾਰਤ ਵੱਲੋਂ 50% ਟੈਕਸ ਲਾਉਣਾ ਮਨਜ਼ੂਰ ਨਹੀਂ: ਟਰੰਪ
ਟਰੰਪ ਨੇ ਕਿਹਾ - ਭਾਰਤ ਇਕ ਮੋਟਰਸਾਈਕਲ 'ਤੇ ਭਾਰੀ ਡਿਊਟੀ ਲੈ ਰਿਹਾ ਹੈ, ਜਦੋਂ ਕਿ ਬਦਲੇ 'ਚ ਅਮਰੀਕਾ ਕੁਝ ਨਹੀਂ ਲੈਂਦਾ।
ਵਾਸ਼ਿੰਗਟਨ : ਹਾਰਲੇ ਮੋਟਰਸਾਈਕਲਾਂ 'ਤੇ ਭਾਰਤ ਵਲੋਂ ਲਈ ਜਾਂਦੀ 50 ਫ਼ੀ ਸਦੀ ਇੰਪੋਰਟ ਡਿਊਟੀ ਨੂੰ ਲੈ ਕੇ ਇਕ ਵਾਰ ਫਿਰ ਇਸ ਦੀ ਆਲੋਚਨਾ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ 'ਨਾ ਮਨਜ਼ੂਰ' ਦਸਿਆ।
ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਇਕ ਮੋਟਰਸਾਈਕਲ 'ਤੇ ਭਾਰੀ ਡਿਊਟੀ ਲੈ ਰਿਹਾ ਹੈ, ਜਦੋਂ ਕਿ ਬਦਲੇ 'ਚ ਅਮਰੀਕਾ ਕੁਝ ਨਹੀਂ ਲੈਂਦਾ। ਟਰੰਪ ਦਾ ਇਸ਼ਾਰਾ ਹਾਰਲੇ ਵੱਲ ਸੀ। ਉਹ ਪਹਿਲਾਂ ਵੀ ਕਈ ਵਾਰ ਇਸ ਨੂੰ ਲੈ ਕੇ ਨਿਸ਼ਾਨਾ ਲਾ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚਾਹੁੰਦੇ ਹਨ ਕਿ ਭਾਰਤ ਹਾਰਲੇ 'ਤੇ ਦਰਾਮਦ ਡਿਊਟੀ ਨੂੰ ਘਟਾ ਕੇ ਜ਼ੀਰੋ ਫ਼ੀ ਸਦੀ ਕਰੇ।
ਟਰੰਪ ਨੇ ਇਕ ਇੰਟਰਵਿਊ 'ਚ ਕਿਹਾ ਕਿ ਭਾਰਤ 'ਚ ਹਾਰਲੇ ਭੇਜਦੇ ਹਾਂ ਤਾਂ ਉਹ ਉਸ 'ਤੇ 100 ਫ਼ੀ ਸਦੀ ਟੈਕਸ ਲੈਂਦੇ ਹਨ, ਜਦੋਂ ਕਿ ਉਹ ਸਾਨੂੰ ਮੋਟਰਸਾਈਕਲ ਭੇਜਦੇ ਹਨ ਤਾਂ ਅਸੀਂ ਕੋਈ ਟੈਕਸ ਨਹੀਂ ਲੈਂਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਇਹ ਸਵੀਕਾਰ ਨਹੀਂ ਹੈ ਅਤੇ ਉਨ੍ਹਾਂ ਨੇ ਚੰਗੇ ਦੋਸਤ ਹੋਣ ਦੇ ਨਾਤੇ ਇਕ ਫ਼ੋਨ ਕਾਲ 'ਤੇ ਇਸ ਨੂੰ ਘਟਾ ਕੇ 50 ਫ਼ੀ ਸਦੀ ਕਰ ਦਿਤਾ। ਟਰੰਪ ਨੇ ਕਿਹਾ ਸਾਨੂੰ ਇਹ 50 ਫ਼ੀ ਸਦੀ ਵੀ ਮਨਜ਼ੂਰ ਨਹੀਂ ਹੈ ਤੇ ਇਸ 'ਤੇ ਗੱਲਬਾਤ ਕੀਤੀ ਜਾ ਰਹੀ ਹੈ।