ਮੰਦੀ ਦਾ ਅਸਰ : ਅਗਸਤ 'ਚ 1.1% ਉਦਯੋਗਿਕ ਉਤਪਾਦਨ ਘਟਿਆ

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵਿੱਤੀ ਸਾਲ 2024-25 ਤਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਮਿੱਥਿਆ ਹੈ।

Economic slowdown : Industrial Production Shrinks To Minus 1.1% In August

ਨਵੀਂ ਦਿੱਲੀ : ਨਿਰਮਾਣ, ਬਿਜਲੀ ਉਤਪਾਦਨ ਅਤੇ ਖਾਨ ਖੇਤਰ ਦੇ ਖ਼ਰਾਬ ਪ੍ਰਦਰਸ਼ਰ ਕਾਰਨ ਅਗਸਤ 'ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 1.1 ਫ਼ੀਸਦੀ ਰਹੀ। ਸ਼ੁਕਰਵਾਰ ਨੂੰ ਉਦਯੋਗਿਕ ਉਤਪਾਦਨ ਦੇ ਸਰਕਾਰੀ ਅੰਕੜੇ ਜਾਰੀ ਕੀਤੇ ਗਏ। ਉਦਯੋਗਿਕ ਉਤਪਾਦਨ ਦੇ ਸੂਚਕਾਂਕ (ਆਈ.ਆਈ.ਪੀ.) ਦੀ ਵਾਧਾ ਦਰ ਅਗਸਤ 2018 'ਚ 4.8 ਫ਼ੀਸਦੀ ਰਹੀ ਸੀ।

ਆਈ.ਆਈ.ਪੀ. 'ਚ 77 ਫ਼ੀਸਦੀ ਯੋਗਦਾਨ ਵਾਲੇ ਨਿਰਮਾਣ ਖੇਤਰ ਦਾ ਉਤਪਾਦਨ ਅਗਸਤ 2019 ਦੌਰਾਨ 1.2 ਫ਼ੀਸਦੀ ਘੱਟ ਗਿਆ। ਪਿਛਲੇ ਸਾਲ ਇਸ ਸਮੇਂ ਇਸ ਸੈਕਟਰ 'ਚ 5.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਦੇ ਮੁਕਾਬਲੇ ਮੌਜੂਦਾ ਸਮੇਂ ਇਸ ਮਹੀਨੇ ਬਿਜਲੀ ਖੇਤਰ ਦਾ ਉਤਪਾਦਨ 0.9 ਫ਼ੀਸਦੀ ਘੱਟ ਗਿਆ ਹੈ। ਅਗਸਤ 2018 'ਚ ਬਿਜਲੀ ਖੇਤਰ ਦਾ ਉਤਪਾਦਨ 7.6 ਫ਼ੀਸਦੀ ਵਧਿਆ ਸੀ। ਉਥੇ ਹੀ ਖਾਨ ਖੇਤਰ ਦੇ ਉਤਪਾਦਨ 'ਚ ਵਾਧਾ ਦਰ 0.1 ਫ਼ੀਸਦੀ 'ਤੇ ਸਥਿਰ ਰਹੀ। ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਅਗਸਤ ਦੀ ਮਿਆਦ ਦੌਰਾਨ ਉਦਯੋਗਿਕ ਉਤਪਾਦਨ ਦੀ ਵਾਧਾ ਦਰ ਘੱਟ ਕੇ 2.4 ਫ਼ੀਸਦੀ ਰਹਿ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਬਰਾਬਰ ਮਿਆਦ 'ਚ ਉਦਯੋਗਿਕ ਉਤਪਾਦਨ ਦੀ ਵਾਧਾ ਦਰ 5.3 ਫ਼ੀਸਦੀ ਰਹੀ ਸੀ।

ਜ਼ਿਕਰਯੋਗ ਹੈ ਕਿ ਅਰਥਚਾਰੇ ਦੀ ਸੁਸਤੀ ਤੋਂ ਬਾਹਰ ਆਉਣ ਲਈ ਸਰਕਾਰ ਵਲੋਂ ਹਾਲ ਹੀ 'ਚ ਤਾਬੜਤੋੜ ਫ਼ੈਸਲੇ ਕੀਤੇ ਗਏ ਹਨ। ਇਸ ਦੇ ਬਾਵਜੂਦ ਇੰਡਸਟਰੀ ਦੀ ਰਫ਼ਤਾਰ 'ਚ ਹੁਣ ਤਕ ਸੁਧਾਰ ਦੇ ਸੰਕੇਤ ਨਹੀਂ ਹਨ। ਤਿਉਹਾਰਾਂ ਦਾ ਸੀਜ਼ਨ ਹੋਣ ਦੇ ਬਾਵਜੂਦ ਉਦਯੋਗ ਖਾਸ ਤੌਰ 'ਤ ਗੱਡੀਆਂ ਅਤੇ ਕੰਜਿਊਮਰ ਡਿਊਰੇਬਲਜ਼ ਸੈਕਟਰ 'ਚ ਹੁਣ ਤਕ ਮੰਗ ਵਿਚ ਖ਼ਾਸ ਵਾਧਾ ਨਹੀਂ ਵੇਖਿਆ ਗਿਆ ਹੈ। ਰਿਜ਼ਰਵ ਬੈਂਕ ਨੇ ਵੀ ਹਾਲ ਦੀ ਮੁਦਰਾ ਨੀਤੀ ਦੀ ਸਮੀਖਿਆ ਬੈਠਕ ਤੋਂ ਬਾਅਦ ਜੀਡੀਪੀ ਵਾਧਾ ਦਰ ਦਾ ਅਨੁਮਾਨ 6.10% ਕਰ ਦਿੱਤਾ ਹੈ। ਮੰਗ ਵਧਾਉਣ ਲਈ ਰਿਜ਼ਰਵ ਬੈਂਕ ਮੁੱਖ ਨੀਤੀਗਤ ਦਰ ਰੈਪੋ ਰੇਟ 'ਚ ਲਗਾਤਾਰ ਕਟੌਤੀ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵਿੱਤੀ ਸਾਲ 2024-25 ਤਕ 5000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਮਿੱਥਿਆ ਹੈ। ਮੋਦੀ 2.0 ਸਰਕਾਰ ਦੇ 50 ਦਿਨ ਪੂਰੇ ਹੋਣ ਮੌਕੇ ਜਾਰੀ ਰਿਪੋਰਟ ਕਾਰਡ 'ਚ ਦਾਅਵਾ ਕੀਤਾ ਗਿਆ ਸੀ ਕਿ ਇਹ ਟੀਚਾ ਪ੍ਰਾਪਤ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਬੀਤੇ ਸਾਲ 2018-19 ਦੀ ਅੰਤਮ ਤਿਮਾਹੀ (ਜਨਵਰੀ-ਮਾਰਚ) 'ਚ ਦੇਸ਼ ਦੀ ਆਰਥਕ ਵਿਕਾਸ ਦਰ ਘਟ ਕੇ 5.8 ਫ਼ੀਸਦੀ ਰਹਿ ਗਈ ਸੀ। ਇਹ ਇਸ ਦਾ ਲਗਭਗ 5 ਸਾਲ ਦਾ ਸੱਭ ਤੋਂ ਹੇਠਲਾ ਪੱਧਰ ਹੈ।