Indian Railway 'ਤੇ ਪਈ ਮੰਦੀ ਦੀ ਮਾਰ

ਏਜੰਸੀ

ਖ਼ਬਰਾਂ, ਵਪਾਰ

ਅਗਸਤ ਮਹੀਨੇ 'ਚ 12 ਹਜ਼ਾਰ ਕਰੋੜ ਰੁਪਏ ਘਟੀ ਰੇਲਵੇ ਦੀ ਆਮਦਨ

Indian railways loss of 12000 crore revenue

ਨਵੀਂ ਦਿੱਲੀ : ਦੇਸ਼ ਦੇ ਵਿਗੜ ਰਹੇ ਅਰਥਚਾਰੇ ਵਿਚਕਾਰ ਭਾਰਤ ਲਈ ਕਿਤੋਂ ਵੀ ਚੰਗੀ ਖ਼ਬਰ ਨਹੀਂ ਆ ਰਹੀ ਹੈ। ਖਸਤਾ ਹਾਲ ਅਰਥਚਾਰੇ ਵਿਚਕਾਰ ਮੋਦੀ ਸਰਕਾਰ ਲਈ ਇਕ ਹੋਰ ਬੁਰੀ ਖ਼ਬਰ ਹੈ। ਅਗਸਤ ਦੇ ਮਹੀਨੇ ਭਾਰਤੀ ਰੇਲਵੇ ਦੀ ਆਮਦਨ 12 ਹਜ਼ਾਰ ਕਰੋੜ ਰੁਪਏ ਘੱਟ ਗਈ ਹੈ। ਰੇਲਵੇ ਦੇ ਚਾਲੂ ਵਿੱਤੀ ਵਰ੍ਹੇ 'ਚ ਅਪ੍ਰੈਲ ਅਤੇ ਅਗਸਤ ਮਹੀਨੇ ਦੌਰਾਨ ਟਿਕਟ ਬੁਕਿੰਗ, ਢੁਆਈ ਅਤੇ ਹੋਰ ਵੱਖ-ਵੱਖ ਸਾਧਨਾਂ ਤੋਂ ਆਮਦਨੀ ਪਿਛਲੇ ਸਾਲ ਦੇ ਮੁਕਾਬਲੇ 12 ਹਜ਼ਾਰ ਕਰੋੜ ਰੁਪਏ ਘੱਟ ਰਹੀ ਹੈ।

ਰਿਪੋਰਟ ਮੁਤਾਬਕ ਵਿੱਤੀ ਸਾਲ ਦੇ ਪਹਿਲੇ 5 ਮਹੀਨੇ 'ਚ ਰੇਲਵੇ ਆਮਦਨ ਵਾਧੇ ਦੇ ਆਪਣੇ ਕਿਸੇ ਵੀ ਟੀਚੇ ਨੂੰ ਹਾਸਲ ਕਰਨ 'ਚ ਨਾਕਾਮ ਰਹੀ ਹੈ। ਆਮਦਨੀ 'ਚ 11,852.91 ਕਰੋੜ ਰੁਪਏ ਦੀ ਗਿਰਾਵਟ 'ਚ ਮੁਲਾਜ਼ਮਾਂ ਦੇ ਆਮਦਨ ਅਤੇ ਪੈਨਸ਼ਨ ਖ਼ਰਚੇ ਨੂੰ ਨਹੀਂ ਜੋੜਿਆ ਗਿਆ ਹੈ। ਜੇ ਉਨ੍ਹਾਂ ਨੂੰ ਜੋੜ ਦਿੱਤਾ ਜਾਵੇ ਤਾਂ ਰੇਲਵੇ ਦੀ ਆਮਦਨ 'ਚ ਕਮੀ ਦਾ ਅੰਕੜਾ ਹੋਰ ਵੱਧ ਸਕਦਾ ਹੈ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਰੇਲਵੇ ਨੇ ਅਗਸਤ ਤਕ ਯਾਤਰੀ ਸੇਵਾਵਾਂ ਤੋਂ ਆਮਦਨੀ 'ਚ 9.65 ਫ਼ੀਸਦੀ ਦੇ ਵਾਧੇ ਦਾ ਟੀਚਾ ਰੱਖਿਆ ਸੀ ਪਰ ਅਸਲ 'ਚ ਉਹ ਸਿਰਫ਼ 4.56 ਫ਼ੀਸਦੀ ਦਰਜ ਕਰ ਸਕੀ ਹੈ। ਉਥੇ ਹੀ ਢੁਆਈ ਤੋਂ ਵਾਧੇ ਲਈ 12.22 ਫ਼ੀਸਦੀ ਦੇ ਟੀਚੇ ਦੇ ਮੁਕਾਬਲੇ ਅਸਲ 'ਚ ਸਿਰਫ਼ 2.80 ਫ਼ੀਸਦੀ ਰਹੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਾਲ ਦੇ ਅੰਤ ਤਕ ਰੇਲਵੇ ਦੀ ਆਮਦਨੀ 30 ਹਜ਼ਾਰ ਕਰੋੜ ਰੁਪਏ ਤਕ ਘੱਟ ਰਹਿ ਸਕਦੀ ਹੈ। ਉਥੇ ਹੀ ਰੇਲਵੇ ਮੁਲਾਜ਼ਮਾਂ ਨੇ ਆਮਦਨੀ 'ਚ ਕਮੀ ਦਾ ਕੋਈ ਪੂਰਾ ਅੰਕੜਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।