ਬੁਰੇ ਦੌਰ ਵਿਚ Bajaj Chetak ਇਲੈਕਟ੍ਰਿਕ ਸਕੂਟਰ! ਕੰਪਨੀ ਨੇ ਬੰਦ ਕੀਤੀ ਬੁਕਿੰਗ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਦੀ ਮਸ਼ਹੂਰ ਦੁਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਘਰੇਲੂ ਬਜ਼ਾਰ ਵਿਚ ਅਪਣੀ ਪਹਿਲੀ ਇਲੈਕਟ੍ਰਿਕ ਸਕੂਟਰ ਬਜਾਜ ਚੇਤਕ ਨੂੰ ਲਾਂਚ ਕੀਤਾ ਸੀ

Bajaj Chetak bookings closed as company struggles to meet demand

ਨਵੀਂ ਦਿੱਲੀ: ਦੇਸ਼ ਦੀ ਮਸ਼ਹੂਰ ਦੁਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਘਰੇਲੂ ਬਜ਼ਾਰ ਵਿਚ ਅਪਣੀ ਪਹਿਲੀ ਇਲੈਕਟ੍ਰਿਕ ਸਕੂਟਰ ਬਜਾਜ ਚੇਤਕ ਨੂੰ ਲਾਂਚ ਕੀਤਾ ਸੀ। ਬੇਹੱਦ ਆਕਰਸ਼ਕ ਇਲੈਕਟ੍ਰਿਕ ਮੋਟਰ ਨਾਲ ਸਜੀ ਇਸ ਸਕੂਟਰ ਨੂੰ ਕੰਪਨੀ ਨੇ ਦੋ ਵੈਰੀਐਂਟ ਵਿਚ ਪੇਸ਼ ਕੀਤਾ ਸੀ। ਪਰ ਹੁਣ ਸਕੂਟਰ ਦੀ ਬੁਕਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ।

ਕੰਪਨੀ ਦੀ ਅਧਿਕਾਰਤ ਵੈੱਬਸਾਈਟ ‘ਤੇ ਇਸ ਸਕੂਟਰ ਲਈ ਸਿਰਫ਼ ਰਜਿਸਟ੍ਰੇਸ਼ਨ ਹੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸ਼ੁਰੂਆਤੀ ਦੌਰ ਵਿਚ ਕੰਪਨੀ ਨੇ ਇਸ ਸਕੂਟਰ ਨੂੰ ਬੰਗਲੁਰੂ ਅਤੇ ਪੁਣੇ ਵਿਚ ਲਾਂਚ ਕੀਤਾ ਸੀ। ਕੰਪਨੀ ਦੀ ਯੋਜਨਾ ਸੀ ਕਿ ਗਾਹਕਾਂ ਵੱਲੋਂ ਮਿਲਣ ਵਾਲੀ ਪ੍ਰਤੀਕਿਰਿਆ ਤੋਂ ਬਾਅਦ ਇਸ ਨੂੰ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਲਾਂਚ ਕੀਤਾ ਜਾਵੇਗਾ ਪਰ ਮਾਰਚ ਮਹੀਨੇ ਵਿਚ ਹੀ ਦੇਸ਼ ਭਰ ਵਿਚ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਅਤੇ ਕੰਪਨੀ ਦੀਆਂ ਯੋਜਨਾਵਾਂ ਨੂੰ ਅੱਗੇ ਵਧਾ ਦਿੱਤਾ ਗਿਆ।

ਕੋਰੋਨਾ ਮਹਾਂਮਾਰੀ ਤੋਂ ਬਾਅਦ ਸਕੂਟਰ ਦੀ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ, ਇੱਥੋਂ ਤੱਕ ਕਿ ਮਾਰਚ ਮਹੀਨੇ ਵਿਚ ਬਜਾਜ ਨੇ ਚੇਤਕ ਦੇ ਕੁੱਲ 91 ਯੂਨਿਟਸ ਦੀ ਵਿਕਰੀ ਦਰਜ ਕੀਤੀ ਸੀ। ਮਾਰਚ-ਅਪ੍ਰੈਲ ਮਹੀਨੇ ਵਿਚ ਇਸ ਸਕੂਟਰ ਦੀ ਬੁਕਿੰਗ ਨੂੰ ਮਹਾਂਮਾਰੀ ਦੇ ਚਲਦਿਆਂ ਬੰਦ ਕਰ ਦਿੱਤਾ ਗਿਆ ਸੀ ਪਰ ਜੂਨ ਮਹੀਨੇ ਵਿਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਫਿਰ ਤੋਂ ਇਸ ਦੀ ਬੁਕਿੰਗ ਨੂੰ ਸ਼ੁਰੂ ਕੀਤਾ ਗਿਆ। ਹੁਣ ਫਿਰ ਸਤੰਬਰ ਮਹੀਨੇ ਵਿਚ ਇਸ ਦੀ ਬੁਕਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ।