ਟਵਿੱਟਰ ਹੈੱਡਕੁਆਰਟਰ ਦੀਆਂ 265 ਤੋਂ ਵੱਧ ਵਸਤਾਂ ਦੀ ਹੋਵੇਗੀ ਨਿਲਾਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਨਲਾਈਨ ਹੋਵੇਗੀ ਨਿਲਾਮੀ, ਜ਼ਿਆਦਾਤਰ ਵਸਤਾਂ ਦਾ ਮੁੱਲ 25 ਜਾਂ 50 ਡਾਲਰ

Image

 

ਸੈਨ ਫ਼ਰਾਂਸਿਸਕੋ - ਟਵਿੱਟਰ ਦੇ ਨਵੇਂ ਮਾਲ ਐਲਨ ਮਸਕ ਨਵੇਂ ਸਾਲ 'ਚ ਸੈਨ ਫ਼ਰਾਂਸਿਸਕੋ ਹੈੱਡਕੁਆਰਟਰ ਦੀਆਂ 265 ਚੀਜ਼ਾਂ ਦੀ ਨਿਲਾਮੀ ਕਰਨਗੇ। ਨਿਲਾਮੀ 17 ਜਨਵਰੀ ਨੂੰ ਆਨਲਾਈਨ ਹੋਵੇਗੀ। ਨਿਲਾਮ ਹੋਣ ਵਾਲੀਆਂ ਵਸਤਾਂ ਵਿੱਚ ਰਸੋਈ 'ਚ ਵਰਤੇ ਜਾਣ ਵਾਲੀਆਂ ਚੀਜ਼ਾਂ, ਇਲੈਕਟ੍ਰੌਨਿਕਸ, ਫ਼ਰਨੀਚਰ ਤੇ ਕੌਫ਼ੀ ਮਸ਼ੀਨ ਵਰਗੀਆਂ ਕਈ ਆਈਟਮਾਂ ਸ਼ਾਮਲ ਹਨ। ਆਨਲਾਈਨ ਬੋਲੀ 17 ਜਨਵਰੀ ਤੋਂ 18 ਜਨਵਰੀ ਤੱਕ ਚੱਲੇਗੀ। ਜ਼ਿਆਦਾਤਰ ਆਈਟਮਾਂ ਦੀ ਸ਼ੁਰੂਆਤੀ ਕੀਮਤ 25 ਜਾਂ 50 ਡਾਲਰ ਰੱਖੀ ਗਈ ਹੈ।

ਇਹ ਸਾਰੀਆਂ ਚੀਜ਼ਾਂ ਆਨਲਾਈਨ ਸਾਈਟ ਬਿਡਸਪੌਟਰ 'ਤੇ ਵੀ ਸੂਚੀਬੱਧ ਹਨ। ਇਸ ਅਨੁਸਾਰ ਭੁਗਤਾਨ ਕੇਬਲ ਵਾਇਰ ਟ੍ਰਾਂਸਫਰ 'ਤੇ ਹੋਵੇਗੀ, ਜਿਸ ਦਾ ਭੁਗਤਾਨ ਨਿਲਾਮੀ ਖਤਮ ਹੋਣ ਤੋਂ ਬਾਅਦ 48 ਘੰਟਿਆਂ ਦੇ ਅੰਦਰ ਕਰਨਾ ਹੋਵੇਗਾ।

ਨਿਲਾਮੀ ਵਾਲੀਆਂ ਆਈਟਮਾਂ ਵਿੱਚ ਦੋ ਕਸਰਤ ਬਾਈਕ, ਇੱਕ ਐਸਪ੍ਰੈਸੋ ਮਸ਼ੀਨ ਅਤੇ ਇੱਕ ਗੂਗਲ 55-ਇੰਚ ਡਿਜੀਟਲ ਵ੍ਹਾਈਟ ਬੋਰਡ ਡਿਸਪਲੇ, ਦਰਜਨਾਂ ਕੁਰਸੀਆਂ ਅਤੇ ਕੌਫ਼ੀ ਮਸ਼ੀਨਾਂ ਵੀ ਸ਼ਾਮਲ ਹਨ। ਨਿਲਾਮੀ ਦੇਖ ਰਹੇ ਹੈਰੀਟੇਜ ਗਲੋਬਲ ਪਾਰਟਨਰਜ਼ ਦੇ ਨਿਕ ਡਵ ਨੇ ਦੱਸਿਆ ਕਿ ਇਸ ਨਿਲਾਮੀ ਦਾ ਟਵਿਟਰ ਦੀ ਵਿੱਤੀ ਹਾਲਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜੋ ਕੋਈ ਅਜਿਹਾ ਸੋਚਦਾ ਹੈ ਤਾਂ ਉਹ ਮੂਰਖ ਹੈ।

ਹਾਲ ਹੀ 'ਚ ਇਹ ਗੱਲ ਸਾਹਮਣੇ ਆਈ ਸੀ ਕਿ ਕੰਪਨੀ ਸੰਭਾਲਣ ਤੋਂ ਬਾਅਦ ਮਸਕ ਨੂੰ ਰੋਜ਼ਾਨਾ 32 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਮਸਕ ਨੇ ਟਵਿਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ। ਉਹ ਜਲਦੀ ਹੀ ਇਸ ਦੀ ਭਰਪਾਈ ਵੀ ਕਰਨਾ ਚਾਹੁੰਦੇ ਹਨ। ਟਵਿੱਟਰ ਬਹੁਤ ਜ਼ਿਆਦਾ ਕਰਜ਼ੇ ਵਿੱਚ ਹੈ। ਇਸ ਦੀ ਭਰਪਾਈ ਕਰਨ ਲਈ ਉਹ ਇਸ਼ਤਿਹਾਰਬਾਜ਼ੀ 'ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ, ਇਸ ਲਈ ਉਹ ਸਬਸਕ੍ਰਿਪਸ਼ਨ ਰਾਹੀਂ ਮਾਲੀਆ ਵਧਾਉਣਾ ਚਾਹੁੰਦੇ ਹਨ। ਹੈੱਡਕੁਆਰਟਰ ਦੀਆਂ ਵਸਤਾਂ ਦੀ ਨਿਲਾਮੀ ਨੂੰ ਵੀ ਇਸ ਨੁਕਸਾਨ ਦੀ ਭਰਪਾਈ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।