BSNL ਦੇ ਦੇਸ਼ ਭਰ 'ਚ 1100 ਮੋਬਾਇਲ ਟਾਵਰ ਤੇ 524 ਐਕਸਚੇਂਜ ਹੋਏ ਬੰਦ
ਬਿਜਲੀ ਬਿਲਾਂ ਦਾ ਭੁਗਤਾਨ ਨਾ ਕਰਨ ਕਰ ਕੇ ਸਰਕਾਰੀ ਦੂਰਸੰਚਾਰ ਕੰਪਨੀ ਬੀ.ਐਸ.ਐਨ.ਐਲ...
ਨਵੀਂ ਦਿੱਲੀ: ਬਿਜਲੀ ਬਿਲਾਂ ਦਾ ਭੁਗਤਾਨ ਨਾ ਕਰਨ ਕਰ ਕੇ ਸਰਕਾਰੀ ਦੂਰਸੰਚਾਰ ਕੰਪਨੀ ਬੀ.ਐਸ.ਐਨ.ਐਲ. ਦੇ ਕਰੀਬ 11,00 ਮੋਬਾਇਲ ਟਾਵਰ ਅਤੇ 500 ਤੋਂ ਜ਼ਿਆਦਾ ਐਕਸਚੇਂਜ ਕੰਮ ਨਹੀਂ ਕਰ ਰਹੇ। ਦੂਰਸੰਚਾਰ ਵਿਭਾਗ ਦੇ ਅੰਕੜਿਆਂ ਅਨੁਸਾਰ 10 ਜੁਲਾਈ 2019 ਤਕ ਬਿਜਲੀ ਦੇ ਬਿਲਾਂ ਦਾ ਭੁਗਤਾਨ ਨਾ ਕਰਨ ਕਰ ਕੇ ਦੇਸ਼ ਭਰ ਵਿਚ ਬੀ.ਐਸ.ਐਨ.ਐਲ. ਦੇ 524 ਐਕਸਚੇਂਜ ਅਤੇ 1,083 ਮੋਬਾਇਲ ਟਾਵਰ ਦਾ ਬਿਜਲੀ ਕਨੈਕਸ਼ਨ ਕਟ ਦਿਤਾ ਗਿਆ ਹੈ। ਉੱਤਰ-ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ 391 ਟਾਵਰਾਂ ਦਾ ਅਤੇ ਮਹਾਰਾਸ਼ਟਰ ਵਿਚ ਸਭ ਤੋਂ ਜ਼ਿਆਦਾ 178 ਐਕਸਚੇਂਜਾਂ ਦਾ ਬਿਜਲੀ ਕਨੈਕਸ਼ਨ ਕਟਿਆ ਜਾ ਚੁੱਕਾ ਹੈ।
ਇਕ ਵਾਰ ਮੋਬਾਇਲ ਟਾਵਰ ਜਾਂ ਟੈਲੀਫੋਨ ਐਕਸਚੇਂਜ ਕੰਮ ਨਾ ਹੋਣ ਕਾਰਨ ਉਸ ਇਲਾਕੇ ਵਿਚ ਕੰਪਨੀ ਦੀਆਂ ਸੇਵਾਵਾਂ ਠੱਪ ਹੋ ਜਾਂਦੀਆਂ ਹਨ ਅਤੇ ਗਾਹਕ ਦੂਜੀਆਂ ਦੂਰਸੰਚਾਰ ਕੰਪਨੀਆਂ ਦੀਆਂ ਸੇਵਾਵਾਂ ਲੈਣ ਲਈ ਮਜਬੂਰ ਹੋ ਜਾਂਦਾ ਹੈ। ਬਿਜਲੀ ਬਿਲ ਦਾ ਭੁਗਤਾਨ ਨਾ ਕਰਨ ਕਰ ਕੇ ਕਰਨਾਟਕ ਵਿਚ 156, ਉੱਤਪ੍ਰਦੇਸ਼ 'ਚ 132, ਪਛਮੀ ਬੰਗਾਲ ਵਿਚ 20 ਅਤੇ ਤੇਲੰਗਾਨਾ ਤੇ ਹਰਿਆਣਾ ਵਿਚ 13-13 ਟੈਲੀਫੋਨ ਐਕਸਚੇਂਜ ਬੇਕਾਰ ਹੋ ਗਏ ਹਨ। ਉੱਤਰ ਪ੍ਰਦੇਸ਼ ਤੋਂ ਬਾਅਦ ਮਹਾਰਸ਼ਟਰ ਵਿਚ ਸਭ ਤੋਂ ਜ਼ਿਆਦਾ 208 ਮੋਬਾਇਲ ਟਾਵਰ, ਕਰਨਾਟਕ ਵਿਚ 120, ਤਾਮਿਲਨਾਡੂ ਵਿਚ 111, ਤੇਲੰਗਾਨਾ ਵਿਚ 76,
ਪਛਮੀ ਬੰਗਾਲ 'ਚ 50, ਮਣੀਪੁਰ 'ਚ 36, ਜੰਮੂ-ਕਸ਼ਮੀਰ 'ਚ 19, ਗੁਜਰਾਤ ਵਿਚ 17, ਬਿਹਾਰ ਵਿਚ 14 ਅਤੇ ਅਸਮ ਤੇ ਆਂਧਰਾ ਪ੍ਰਦੇਸ਼ ਵਿਚ 11-11 ਟਾਵਰਾਂ ਦਾ ਕਨੈਕਸ਼ਨ ਬਿਜਲੀ ਵਿਭਾਗ ਨੇ ਕੱਟ ਦਿਤਾ ਹੈ। ਇਸ ਦੇ ਬਾਵਜੂਦ ਪਿਛਲੇ ਦੋ ਸਾਲਾਂ ਵਿਚ 0000 ਦੀ ਬਜ਼ਾਰ ਹਿੱਸੇਦਾਰੀ ਵਧੀ ਹੈ। ਉਸ ਦੀ ਬਜ਼ਾਰ ਹਿੱਸੇਦਾਰੀ 31 ਮਾਰਚ 2017 ਨੂੰ 9.63 ਫ਼ੀ ਸਦੀ ਸੀ ਜਿਹੜੀ ਕਿ 31 ਮਾਰਚ 2018 ਨੂੰ ਵਧ ਕੇ 10.26 ਫ਼ੀ ਸਦੀ ਅਤੇ 31 ਮਾਰਚ 2019 ਨੂੰ 10.72 ਫ਼ੀ ਸਦੀ ਹੋ ਗਈ ਹੈ। ਮੁੰਬਈ ਅਤੇ ਦਿੱਲੀ ਵਿਚ ਸਹਿਯੋਗੀ ਕੰਪਨੀ ਐਮ.ਟੀ.ਐਨ.ਐਲ. ਦੀ ਬਜ਼ਾਰ ਹਿੱਸੇਦਾਰੀ ਘੱਟ ਰਹੀ ਹੈ।
ਇਹ 31 ਮਾਰਚ 2017 ਦੇ 7.37 ਫ਼ੀ ਸਦੀ ਤੋਂ ਘੱਟ ਕੇ 31 ਮਾਰਚ 2018 ਨੂੰ 7.16 ਫੀਸਦੀ ਅਤੇ 31 ਮਾਰਚ 2019 ਨੂੰ 6.95 ਫ਼ੀ ਸਦੀ 'ਤੇ ਆ ਗਈ। ਐਮ.ਟੀ.ਐਨ.ਐਲ. ਸਿਰਫ ਦਿੱਲੀ ਅਤੇ ਮੁੰਬਈ ਵਿਚ ਸੇਵਾਵਾਂ ਦਿੰਦੀ ਹੈ।