Facebook ‘ਤੇ ਲੱਗਿਆ ਹੁਣ ਤੱਕ ਦਾ ਸਭ ਤੋਂ ਵੱਡਾ 5 ਅਰਬ ਡਾਲਰ ਦਾ ਜੁਰਮਾਨਾ

ਏਜੰਸੀ

ਖ਼ਬਰਾਂ, ਵਪਾਰ

ਅਮਰੀਕਾ ਰੇਗੂਲੇਟਰ ਫੇਡਰਲ ਟਰੇਡ ਕਮਿਸ਼ਨ (FTC) ਨੇ ਡਾਟਾ ਲੀਕ ਮਾਮਲੇ ‘ਚ ਫੇਸਬੁੱਕ ‘ਤੇ 5 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦੇ ਜੁਰਮਾਨੇ ਦੀ ਸਿਫਾਰਿਸ਼ ਕੀਤੀ ਹੈ।

Facebook

ਵਾਸ਼ਿੰਗਟਨ: ਅਮਰੀਕਾ ਰੇਗੂਲੇਟਰ ਫੈਡਰਲ ਟਰੇਡ ਕਮਿਸ਼ਨ (FTC) ਨੇ ਡਾਟਾ ਲੀਕ ਮਾਮਲੇ ‘ਚ ਫੇਸਬੁੱਕ ‘ਤੇ 5 ਅਰਬ ਡਾਲਰ (ਕਰੀਬ 34 ਹਜ਼ਾਰ ਕਰੋੜ ਰੁਪਏ) ਦੇ ਜੁਰਮਾਨੇ ਦੀ ਸਿਫਾਰਿਸ਼ ਕੀਤੀ ਹੈ। ਫੇਸਬੁੱਕ ਦੇ ਜ਼ੁਰਮਾਨੇ ‘ਤੇ ਆਖ਼ਰੀ ਫੈਸਲਾ ਅਮਰੀਕੀ ਨਿਆ ਵਿਭਾਗ ਕਰੇਗਾ। ਐਫਟੀਸੀ ਨੇ ਮਾਰਚ 2018 ਵਿਚ ਇਹ ਜਾਂਚ ਸ਼ੁਰੂ ਕੀਤੀ ਸੀ। ਇਕ ਰਿਪੋਰਟ ਵਿਚ ਇਹ ਖ਼ੁਲਾਸਾ ਕੀਤਾ ਗਿਆ ਸੀ ਕਿ ਸਿਆਸੀ ਸਲਾਹਕਾਰ ਕੈਮਬ੍ਰਿਜ ਐਨਾਲਿਸਟ ਨੇ 5 ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜ਼ਰਸ ਦੀ ਨਿੱਜੀ ਜਾਣਕਾਰੀ ਗਲਤ ਢੰਗ ਨਾਲ ਹਾਸਲ ਕੀਤੀ ਸੀ।

ਦਰਅਸਲ ਫੇਸਬੁੱਕ ਨੇ 2012 ਵਿਚ ਸਹਿਮਤੀ ਦਿੱਤੀ ਸੀ ਕਿ ਉਹ ਬੇਹਤਰ ਯੂਜ਼ਰ ਪ੍ਰਾਈਵੇਸੀ ਲਈ ਕਦਮ ਚੁੱਕੇਗਾ। ਐਫਟੀਸੀ ਜਾਂਚ ਕਰ ਰਹੀ ਸੀ ਕਿ ਇਸ ਸਮਝੌਤੇ ਦਾ ਉਲੰਘਣ ਹੋਇਆ ਜਾਂ ਨਹੀਂ। ਜਾਣਕਾਰੀ ਮੁਤਾਬਕ ਇਹ ਕਿਸੇ ਟੇਕ ਕੰਪਨੀ ‘ਤੇ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਜੁਰਮਾਨਾ ਹੋਵੇਗਾ। ਹਾਲਾਂਕੀ ਜੁਰਮਾਨੇ ਦੀ ਰਕਮ ਫੇਸਬੁੱਕ ਦੀ 2018 ਦੀ ਆਮਦਨ ਦੇ ਮੁਕਾਬਲੇ ਸਿਰਫ਼ 9 ਫੀਸਦੀ ਹੈ। ਇਹੀ ਕਾਰਨ ਹੈ ਕਿ ਇਸ ਜੁਰਮਾਨੇ ਨਾਲ ਫੇਸਬੁੱਕ ਨੂੰ ਕੋਈ ਖ਼ਾਸ ਝਟਕਾ ਨਹੀਂ ਲੱਗੇਗਾ। ਕੰਪਨੀ ਨੇ 2019 ਦੇ ਸ਼ੁਰੂਆਤੀ ਤਿੰਨ ਮਹੀਨਿਆਂ ਵਿਚ ਹੀ 15 ਬਿਲੀਅਨ ਡਾਲਰ ਤੋਂ ਜ਼ਿਆਦਾ ਕਮਾਈ ਕੀਤੀ ਹੈ।

ਜਦੋਂ ਇਹ ਖ਼ਬਰ ਆਈ ਤਾਂ ਫੇਸਬੁੱਕ ਦੇ ਸਟਾਕ ਪ੍ਰਾਈਜ਼ ਵਿਚ 1 ਫੀਸਦੀ ਉਛਾਲ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਸਲਾਹਕਾਰ ਫਰਮ ਕੈਮਬ੍ਰਿਜ ਐਨਾਲਿਸਟ ਨੇ ਫੇਸਬੁੱਕ ਦੇ 8.7 ਕਰੋੜ ਯੂਜ਼ਰਸ ਦਾ ਡਾਟਾ ਹਾਸਲ ਕੀਤਾ ਸੀ, ਜਿਸ ਦੀ ਜਾਣਕਾਰੀ ਫੇਸਬੁੱਕ ਨੂੰ ਪਹਿਲਾਂ ਤੋਂ ਹੀ ਸੀ। ਕੈਂਬ੍ਰਿਜ ਐਨਾਲਿਸਟ ਨੇ ਫੇਸਬੁੱਕ ਯੂਜ਼ਰਸ ਨੂੰ ਡਾਟੇ ਦੀ ਵਰਤੋਂ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਸੀ। ਐਫਟੀਸੀ ਤੋਂ ਇਲਾਵਾ ਅਮਰੀਕੀ ਸ਼ੇਅਰ ਬਜ਼ਾਰ ਦਾ ਰੇਗੂਲੇਟਰ ਸਕਿਓਰੀਟੀ ਐਂਡ ਐਕਸਚੇਂਜ ਕਮਿਸ਼ਨ ਅਤੇ ਡਿਪਾਰਟਮੈਂਟ ਆਫ ਜਸਟਿਸ ਵੀ ਜਾਂਚ ਕਰ ਰਹੇ ਹਨ।