ਜੁਲਾਈ ਦੀ ਵਾਹਨ ਵਿਕਰੀ 'ਚ 19 ਸਾਲ ਦੀ ਸਭ ਤੋਂ ਵੱਡੀ ਗਿਰਾਵਟ 

ਏਜੰਸੀ

ਖ਼ਬਰਾਂ, ਵਪਾਰ

15,000 ਲੋਕਾਂ ਨੇ ਗੁਆਈ ਨੌਕਰੀ ; 10 ਲੱਖ ਤੋਂ ਵੱਧ ਨੌਕਰੀਆਂ ਖ਼ਤਰੇ ਵਿਚ

India's passenger vehicles sales slump 31% in July

ਨਵੀਂ ਦਿੱਲੀ : ਦੇਸ਼ 'ਚ ਜੁਲਾਈ ਦੀ ਵਾਹਨ ਵਿਕਰੀ ਵਿਚ 19 ਸਾਲਾਂ ਦੀ 18.71 ਫ਼ੀ ਸਦੀ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਵਾਹਨ ਉਦਯੋਗ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਭਾਰੀ ਦਬਾਅ ਹੇਠ ਹੈ। ਇਸ ਦੇ ਕਾਰਨ ਖੇਤਰ ਦੇ 15,000 ਲੋਕਾਂ ਦੀਆਂ ਨੌਕਰੀਆਂ ਖ਼ਤਮ ਹੋ ਗਈਆਂ ਹਨ ਅਤੇ 10 ਲੱਖ ਤੋਂ ਵੱਧ ਨੌਕਰੀਆਂ ਖ਼ਤਰੇ ਵਿਚ ਹਨ। ਭਾਰਤੀ ਵਾਹਨ ਨਿਰਮਾਤਾ ਸੰਗਠਨ 'ਸਿਆਮ' ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰੀਪੋਰਟ ਮੁਤਾਬਕ ਦੇਸ਼ ਵਿਚ ਵਾਹਨਾਂ ਦੀ ਕੁਲ ਵਿਕਰੀ ਜੁਲਾਈ ਮਹੀਨੇ ਵਿਚ 18.71 ਫ਼ੀ ਸਦੀ ਘਟ ਕੇ 18,25,148 ਵਾਹਨ ਰਹਿ ਗਈ ਜੋ ਜੁਲਾਈ 2018 ਵਿਚ 22,45,223 ਵਾਹਨ ਸੀ। 

ਇਹ ਦਸੰਬਰ 2000 ਤੋਂ ਬਾਅਦ ਵਾਹਨਾਂ ਦੀ ਵਿਕਰੀ ਵਿਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਉਸ ਸਮੇਂ ਦੌਰਾਨ ਵਾਹਨ ਬਾਜ਼ਾਰ ਵਿਚ 21.81 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਜੁਲਾਈ ਵਿਚ ਯਾਤਰੀ ਵਾਹਨਾਂ ਦੀ ਘਰੇਲੂ ਵਿਕਰੀ ਵਿਚ ਵੀ ਤਕਰੀਬਨ 19 ਸਾਲਾਂ ਵਿਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਹ ਲਗਾਤਾਰ ਨੌਵੇਂ ਮਹੀਨੇ ਡਿੱਗਿਆ ਹੈ। ਇਸ ਮਿਆਦ ਦੇ ਦੌਰਾਨ, ਯਾਤਰੀ ਵਾਹਨਾਂ ਦੀ ਵਿਕਰੀ ਜੁਲਾਈ 2018 ਵਿਚ 2,90,931 ਵਾਹਨਾਂ ਤੋਂ 30.98 ਫ਼ੀ ਸਦੀ ਘੱਟ ਕੇ 2,00,790 ਵਾਹਨ ਰਹਿ ਗਈ ਹੈ। ਇਸ ਤੋਂ ਪਹਿਲਾਂ ਦਸੰਬਰ 2000 ਵਿਚ ਯਾਤਰੀ ਵਾਹਨਾਂ ਦੀ ਵਿਕਰੀ ਵਿਚ 35.22 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। 

ਸਿਆਮ ਦੇ ਮੁਤਾਬਕ ਘਰੇਲੂ ਬਾਜ਼ਾਰ ਵਿਚ ਕਾਰਾਂ ਦੀ ਵਿਕਰੀ ਸਮੀਖਿਆ ਅਧੀਨ ਮਿਆਦ ਦੌਰਾਨ 35.95 ਫ਼ੀ ਸਦੀ ਘਟ ਕੇ 1,22,956 ਵਾਹਨਾਂ ਦੀ ਹੋ ਗਈ। ਜੁਲਾਈ 2018 ਵਿਚ ਇਹ 1,91,979 ਵਾਹਨ ਸੀ। ਇਸੇ ਤਰ੍ਹਾਂ ਘਰੇਲੂ ਮੋਟਰਸਾਈਕਲ ਦੀ ਵਿਕਰੀ ਪਿਛਲੇ ਮਹੀਨੇ 9,33,996 ਯੂਨਿਟ ਸੀ ਜੋ ਜੁਲਾਈ 2018 ਦੀ 11,51,324 ਯੂਨਿਟ ਦੀ ਵਿਕਰੀ ਨਾਲੋਂ 18.88 ਫ਼ੀ ਸਦੀ ਘੱਟ ਹੈ। ਜੁਲਾਈ ਵਿਚ ਕੁਲ ਦੋਪਹੀਆ ਵਾਹਨਾਂ ਦੀ ਵਿਕਰੀ 15,11,692 ਵਾਹਨ ਸੀ। ਜੁਲਾਈ 2018 ਵਿਚ ਇਹ ਅੰਕੜਾ 16.82 ਫ਼ੀ ਸਦੀ ਵੱਧ ਯਾਨੀ 18,17,406 ਵਾਹਨ ਸੀ। ਸਮੀਖਿਆ ਦੀ ਮਿਆਦ ਦੇ ਦੌਰਾਨ ਵਪਾਰਕ ਵਾਹਨਾਂ ਦੀ ਵਿਕਰੀ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ। 

10 ਲੱਖ ਤੋਂ ਵੱਧ ਨੌਕਰੀਆਂ ਖ਼ਤਰੇ ਵਿਚ : ਮਾਥੁਰ
ਸਿਆਮ ਦੇ ਡਾਇਰੈਕਟਰ ਜਨਰਲ ਵਿਸ਼ਨੂੰ ਮਾਥੁਰ ਨੇ ਇਥੇ ਪੱਤਰਕਾਰਾਂ ਨੂੰ ਦਸਿਆ, ''ਅੰਕੜੇ ਦਰਸਾਉਂਦੇ ਹਨ ਕਿ ਸਰਕਾਰ ਤੋਂ ਕਿੰਨੀ ਰਾਹਤ ਪੈਕੇਜ ਦੀ ਲੋੜ ਹੈ। ਤਤਕਾਲ ਕੁਝ ਕਰਨ ਦੀ ਜ਼ਰੂਰਤ ਹੈ। ਉਦਯੋਗ ਵਿਕਰੀ ਵਧਾਉਣ ਲਈ ਜੋ ਵੀ ਕਰ ਸਕਦਾ ਹੈ ਕਰ ਰਿਹਾ ਹੈ। ਮੇਰਾ ਮੰਨਣਾ ਹੈ ਕਿ ਇਹ ਉਹ ਸਮਾਂ ਹੈ ਜਦੋਂ ਉਦਯੋਗ ਨੂੰ ਸਰਕਾਰ ਦੀ ਸਹਾਇਤਾ ਦੀ ਲੋੜ ਹੇ ਉਸਨੂੰ ਇਕ ਰਾਹਤ ਪੈਕੇਜ ਲੈ ਕੇ ਆਉਣਾ ਚਾਹੀਦਾ ਹੈ।” 

ਉਸਨੇ ਕਿਹਾ ਕਿ ਉਦਯੋਗ ਨੂੰ ਮੁੜ ਵਿਕਾਸ ਤੇ ਲਿਆਉਣ ਅਤੇ ਵਿਕਰੀ ਵਿਚ ਗਿਰਾਵਟ ਨੂੰ ਰੋਕਣ ਲਈ ਇਕ ਰਾਹਤ ਪੈਕੇਜ ਦੀ ਲੋੜ ਸੀ। ਮਾਥੁਰ ਨੇ ਕਿਹਾ ਕਿ ਪਿਛਲੇ ਦੋ ਤਿੰਨ ਮਹੀਨਿਆਂ ਵਿਚ ਆਟੋ ਨਿਰਮਾਣ ਕੰਪਨੀਆਂ ਵਿਚ ਲਗਭਗ 15,000 ਨੌਕਰੀਆਂ ਖਤਮ ਹੋ ਗਈਆਂ ਹਨ।  ਇਸ ਤੋਂ ਇਲਾਵਾ ਆਟੋ ਕੰਪੋਨੈਂਟ ਨਿਰਮਾਣ ਖੇਤਰ ਵਿਚ 10 ਲੱਖ ਤੋਂ ਵੱਧ ਨੌਕਰੀਆਂ ਖ਼ਤਰੇ ਵਿਚ ਹਨ। ਮਾਥੁਰ ਨੇ ਕਿਹਾ ਕਿ ਲਗਭਗ 300 ਡੀਲਰ ਵਿਕਰੀ ਡਿੱਗਣ ਕਾਰਨ ਅਪਣੇ ਸਟੋਰ ਬੰਦ ਕਰਨ ਲਈ ਮਜਬੂਰ ਹਨ, ਜਿਸ ਕਾਰਨ ਤਕਰੀਬਨ ਦੋ ਲੱਖ ਨੌਕਰੀਆਂ ਹੋ ਸਕਦੀਆਂ ਹਨ।