ਦਾਲਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਲਈ ਆਯਾਤ ਦੀ ਸਮਾਂ ਸੀਮਾ ਵਧਾ ਸਕਦੀ ਹੈ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਚਾਰ ਲੱਖ ਟਨ ਤੁਅਰ (ਅਰਹਰ), ਡੇਢ ਲੱਖ ਉੜਦ ਅਤੇ ਡੇਢ ਲੱਖ ਟਨ ਮੂੰਗ ਦੀ ਆਯਾਤ ਦੀ ਆਗਿਆ ਦਿਤੀ ਹੈ

pulses

ਨਵੀਂ ਦਿੱਲੀ  : ਦੇਸ਼ 'ਚ ਦਾਲਾਂ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਸਰਕਾਰ ਚਾਲੂ ਵਿੱਤੀ ਸਾਲ 2019-20 'ਚ ਦਾਲਾਂ ਦੇ ਆਯਾਤ ਲਈ ਤੈਅ ਸਮੇਂ ਸੀਮਾ 31 ਅਕਤੂਬਰ 2019 ਨੂੰ ਅੱਗੇ ਵਧਾਉਣ ਦੀ ਦਾਲ ਕਾਰੋਬਾਰੀਆਂ ਦੀ ਮੰਗ 'ਤੇ ਵਿਚਾਰ ਕਰ ਸਕਦੀ ਹੈ। ਇਸ ਸੰਬੰਧ 'ਚ ਦਾਲ ਕਾਰੋਬਾਰੀਆਂ ਦੇ ਪ੍ਰਤੀਨਿਧੀਆਂ ਵਲੋਂ ਸ਼ੁੱਕਰਵਾਰ ਨੂੰ ਦਿੱਲੀ 'ਚ ਵਪਾਰਕ ਅਤੇ ਉਦਯੋਗ ਮੰਤਰਾਲੇ ਦੇ ਤਹਿਤ ਆਉਣ ਵਾਲੇ ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (ਡੀ.ਜੀ.ਐੱਫ.ਟੀ.) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਕਾਰੋਬਾਰੀਆਂ ਨੇ ਆਪਣੀਆਂ ਮੁਸ਼ਕਿਲਾਂ ਨਾਲ ਉਨ੍ਹਾਂ ਨੂੰ ਜਾਣੂ ਕਰਵਾਇਆ।

ਬੈਠਕ ਤੋਂ ਬਾਅਦ ਆਲ ਇੰਡੀਆ ਦਾਲ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਅਗਰਵਾਲ ਨੇ ਦਸਿਆ ਕਿ ਅਸੀਂ ਡੀ.ਜੀ.ਐੱਫ.ਟੀ. ਦੇ ਅਧਿਕਾਰੀਆਂ ਨੂੰ ਕਿਹਾ ਕਿ ਕੁਝ ਦੇਸ਼ਾਂ 'ਚ ਤੁਅਰ ਅਤੇ ਉੜਦ ਦੀ ਨਵੀਂ ਫਸਲ ਦੇਰ ਨਾਲ ਤਿਆਰ ਹੁੰਦੀ ਹੈ ਅਤੇ ਜਹਾਜ਼ ਰਵਾਨਾ ਹੋਣ 'ਤੇ ਰਸਤੇ 'ਚ ਕ੍ਰਾਸਿੰਗ ਕਾਰਨ ਪੋਰਟ 'ਤੇ ਜਗ੍ਹਾ ਨਾ ਮਿਲਣ ਨਾਲ ਜਹਾਜ਼ ਲੇਟ ਹੋ ਜਾਂਦੇ ਹਨ। ਇਸ ਕਾਰਨ ਵਪਾਰੀ ਆਪਣਾ ਮਾਲ ਨਹੀਂ ਮੰਗਵਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਤੋਂ ਦਾਲਾਂ ਦੇ ਆਯਾਤ ਦੀ ਸਮੇਂ ਸੀਮਾ 31 ਅਕਤੂਬਰ ਤੋਂ ਵਧਾ ਕੇ 31 ਦਸੰਬਰ 2019 ਤੱਕ ਕਰਨ ਦੀ ਮੰਗ ਕੀਤੀ ਹੈ।

ਅਗਰਵਾਲ ਨੇ ਕਿਹਾ ਕਿ ਅਧਿਕਾਰੀ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਹਾਲਾਂਕਿ ਉਨ੍ਹਾਂ ਇਸ ਸਮੇਂ ਸੀਮਾ ਵਧਾਉਣ ਨੂੰ ਲੈ ਕੇ ਕੋਈ ਭਰੋਸਾ ਨਹੀਂ ਦਿਤਾ ਪਰ ਇੰਨਾ ਜ਼ਰੂਰ ਕਿਹਾ ਕਿ ਇਸ 'ਤੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਉੜਦ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨੂੰ ਲੈ ਕੇ ਵੀ ਚਰਚਾ ਕੀਤੀ, ਜਿਸ 'ਤੇ ਅਸੀਂ ਕਿਹਾ ਕਿ ਉੜਦ ਦੇ ਆਯਾਤ 'ਤੇ ਨਤੀਜੇ ਦੀ ਸੀਮਾ ਇਕ ਲੱਖ ਟਨ ਹੋਰ ਵਧਾ ਦਿਤੀ ਜਾਵੇ, ਜਿਸ ਨਾਲ ਕੀਮਤਾਂ ਨੂੰ ਕਾਬੂ ਕਰਨ 'ਚ ਮਦਦ ਮਿਲੇਗੀ।

ਸਰਕਾਰ ਨੇ ਚਾਲੂ ਵਿੱਤੀ ਸਾਲ 'ਚ ਚਾਰ ਲੱਖ ਟਨ ਤੁਅਰ (ਅਰਹਰ), ਡੇਢ ਲੱਖ ਉੜਦ ਅਤੇ ਡੇਢ ਲੱਖ ਟਨ ਮੂੰਗ ਦੀ ਆਯਾਤ ਦੀ ਆਗਿਆ ਦਿਤੀ ਹੈ। ਇਸ ਤੋਂ ਇਲਾਵਾ ਡੇਢ ਲੱਖ ਟਨ ਮਟਰ ਦਾ ਆਯਾਤ ਕਰਨ ਦੀ ਵੀ ਆਗਿਆ ਦਿਤੀ ਗਈ ਹੈ। ਅਗਰਵਾਲ ਨੇ ਦਸਿਆ ਕਿ ਅਰਹਰ ਦਾ ਆਯਾਤ ਕਰੀਬ 1.5 ਲੱਖ ਟਨ ਹੋ ਚੁੱਕਾ ਹੈ ਅਤੇ 2.5 ਲੱਖ ਟਨ ਹੋਰ ਮੰਗਵਾਇਆ ਜਾ ਸਕਦਾ ਹੈ। ਉੜਦ ਦਾ ਆਯਾਤ ਕਰੀਬ ਇਕ ਲੱਖ ਟਨ ਹੋਇਆ ਜਦੋਂਕਿ ਮਟਰ ਦਾ ਆਯਾਤ ਪੂਰਾ 1.5 ਲੱਖ ਟਨ ਹੋ ਚੁੱਕਾ ਹੈ। ਉਨ੍ਹਾਂ ਦਸਿਆ ਕਿ ਮੂੰਗ ਦੀ ਕੀਮਤ ਕਿਉਂਕਿ ਵਿਦੇਸ਼ਾਂ 'ਚ ਭਾਰਤ ਦੇ ਮੁਕਾਬਲੇ ਜ਼ਿਆਦਾ ਹੈ, ਇਸ ਲਈ ਮੂੰਗ ਦਾ ਆਯਾਤ ਨਹੀਂ ਹੋ ਰਿਹਾ ਹੈ।