ਰਾਓ-ਮਨਮੋਹਨ ਦੀਆਂ ਨੀਤੀਆਂ ਨੂੰ ਗਲੇ ਲਗਾਵੇ ਮੋਦੀ ਸਰਕਾਰ: ਵਿੱਤ ਮੰਤਰੀ ਸੀਤਾਰਮਣ ਦੇ ਪਤੀ
ਪ੍ਰਭਾਕਰ ਨੇ ਅਪਣੇ ਲੇਖ ਵਿਚ ਸਾਲ 1991 ਵਿਚ ਵਿਗੜੀ ਅਰਥਵਿਵਸਥਾ ਦੇ ਉਦਾਰੀਕਰਨ ਦਾ ਵੀ ਜ਼ਿਕਰ ਕੀਤਾ ਹੈ।
ਨਵੀਂ ਦਿੱਲੀ: ਦੇਸ਼ ਪਿਛਲੇ ਕਈ ਮਹੀਨਿਆਂ ਤੋਂ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ। ਆਰਥਿਕ ਮੰਦੀ ਨਾਲ ਨਿਪਟਣ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਕਈ ਐਲਾਨ ਕੀਤੇ ਜਾ ਚੁੱਕੇ ਹਨ। ਇਸ ਦੇ ਬਾਵਜੂਦ ਅਰਥਵਿਵਸਥਾ ਵਿਚ ਕੋਈ ਖਾਸ ਸੁਧਾਰ ਨਹੀਂ ਆਇਆ। ਅਰਥਵਿਵਸਥਾ ਨੂੰ ਲੈ ਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਪਤੀ ਅਤੇ ਬੁੱਧੀਜੀਵੀ ਪਰਕਲਾ ਪ੍ਰਭਾਕਰ ਨੇ ਇਕ ਲੇਖ ਲਿਖਿਆ ਹੈ।
ਇਸ ਲੇਖ ਵਿਚ ਉਹਨਾਂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਾਲੀ ਮੌਜੂਦਾ ਸਰਕਾਰ ਨੂੰ ਪੀਵੀ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਦੀਆਂ ਨੀਤੀਆਂ ਤੋਂ ਸਿੱਖਣਾ ਚਾਹੀਦਾ ਹੈ। ਪਰਕਲਾ ਪ੍ਰਭਾਕਰ ਨੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਲੇਖ ਲਿਖ ਕੇ ਮੋਦੀ ਸਰਕਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਵੱਲੋਂ ਅਪਣਾਏ ਗਏ ਆਰਥਿਕ ਮਾਡਲ ‘ਗਲੇ ਲਗਾਉਣ’ ਦੀ ਸਲਾਹ ਦਿੱਤੀ ਹੈ।
ਪ੍ਰਭਾਕਰ ਨੇ ਅਪਣੇ ਲੇਖ ਵਿਚ ਸਾਲ 1991 ਵਿਚ ਵਿਗੜੀ ਅਰਥਵਿਵਸਥਾ ਦੇ ਉਦਾਰੀਕਰਨ ਦਾ ਵੀ ਜ਼ਿਕਰ ਕੀਤਾ ਹੈ। ਦਸ ਦਈਏ ਕਿ ਉਸ ਸਮੇਂ ਪੀਵੀ ਨਰਸਿਮ੍ਹਾ ਰਾਓ ਪ੍ਰਧਾਨ ਮੰਤਰੀ ਅਤੇ ਮਨਮੋਹਨ ਸਿੰਘ ਵਿੱਤ ਮੰਤਰੀ ਸਨ। ਪ੍ਰਭਾਕਰ ਨੇ ਕਿਹਾ ਹੈ ਕਿ ਭਾਜਪਾ ਅਪਣੀ ਸਥਾਪਨਾ ਤੋਂ ਬਾਅਦ ਕੋਈ ਆਰਥਿਕ ਢਾਂਚੇ ਦਾ ਪ੍ਰਸਤਾਵ ਨਹੀਂ ਲਿਆ ਸਕੀ। ਉਹ ਸਿਰਫ ਨਹਿਰੂਵਾਦੀ ਅਰਥਵਿਵਸਥਾ ਢਾਂਚੇ ਦੀ ਆਲੋਚਨਾ ਕਰਦੀ ਰਹੀ ਹੈ।
ਉਹਨਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ‘ਇਹ ਨਹੀਂ- ਇਹ ਨਹੀਂ’ ਦੀ ਨੀਤੀ ਅਪਣਾਈ ਹੈ। ਜਦਕਿ ਉਹਨਾਂ ਦੀ ਅਪਣੀ ਨੀਤੀ ਕੀ ਹੈ ਇਸ ਬਾਰੇ ਕਦੇ ਕੁੱਝ ਨਹੀਂ ਕਿਹਾ। ਪ੍ਰਭਾਕਰ ਨੇ ਅੱਗੇ ਕਿਹਾ ਕਿ ਭਾਜਪਾ ਦੀ ਵਰਤਮਾਨ ਲਿਡਰਸ਼ਿਪ ਇਸ ਤੋਂ ਜਾਣੂ ਹੈ। ਇਸ ਲਈ ਚੋਣਾਂ ਦੌਰਾਨ ਪਾਰਟੀ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਅਰਥਵਿਵਸਥਾ ਨੂੰ ਲੈ ਕੇ ਜਨਤਾ ਸਾਹਮਣੇ ਕੁਝ ਵੀ ਪੇਸ਼ ਨਾ ਕਰੋ।
ਇਸ ਦੇ ਸਥਾਨ ਤੇ ਪਾਰਟੀ ਨੇ ਬੁੱਧੀਮਾਨੀ ਨਾਲ, ਇਕ ਰਾਜਨੀਤਿਕ, ਰਾਸ਼ਟਰਵਾਦੀ ਅਤੇ ਦੇਸ਼ ਦੀ ਸੁਰੱਖਿਆ ਦਾ ਸਟੇਜ ਚੁਣਿਆ। ਪ੍ਰਭਾਕਰ ਨੇ ਕਿਹਾ ਕਿ ਭਾਜਪਾ ਨੇ ਨਰਸਿਮ੍ਹਾ ਰਾਓ ਸਰਕਾਰ ਦੀਆਂ ਨੀਤੀਆਂ ਨੂੰ ਨਾ ਤਾਂ ਰੱਦ ਕੀਤਾ ਅਤੇ ਨਾ ਹੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਜੇ ਸਰਕਾਰ ਉਨ੍ਹਾਂ ਦੀਆਂ ਨੀਤੀਆਂ ਨੂੰ ਅਪਣਾਉਂਦੀ ਹੈ ਤਾਂ ਵੀ ਇਹ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਦੀ ਆਰਥਿਕਤਾ ਨੂੰ ਮੁੜ ਲੀਹ’ ਤੇ ਲਿਆਉਣ ਵਿਚ ਮਦਦ ਕਰ ਸਕਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।