ਸੋਨਾ ਖਰੀਦਣ-ਵੇਚਣ ਵਾਲਿਆਂ ਲਈ ਵੱਡੀ ਖ਼ਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਿਨਾਂ ਹਾਲਮਾਰਕ ਨਹੀਂ ਵੇਚੇ ਜਾ ਸਕਣਗੇ ਸੋਨੇ ਦੇ ਗਹਿਣੇ

Photo

ਨਵੀਂ ਦਿੱਲੀ: ਕੇਂਦਰ ਸਰਕਾਰ ਅੱਜ ਬੁੱਧਵਾਰ ਨੂੰ ਸੋਨੇ ਦੇ ਗਹਿਣਿਆਂ ਦੀ ਵਿਕਰੀ ਲਈ ਹਾਲਮਾਰਕਿੰਗ ਨੂੰ ਲਾਜ਼ਮੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰੇਗੀ। ਇਸ ਤੋਂ ਇਕ ਸਾਲ ਬਾਅਦ ਯਾਨੀ 15 ਜਨਵਰੀ 2021 ਤੋਂ ਸਿਰਫ਼ ਹਾਲਮਾਰਕ ਵਾਲੇ ਗਹਿਣਿਆਂ ਨੂੰ ਹੀ ਵੇਚਣ ਦੀ ਇਜਾਜ਼ਤ ਹੋਵੇਗੀ। ਇਸ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਇਸ ਵਿਚ ਜ਼ੁਰਮਾਨਾ ਅਤੇ ਜੇਲ੍ਹ ਵੀ ਹੋ ਸਕਦੀ ਹੈ। ਕੇਂਦਰੀ ਗ੍ਰਾਹਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ 2021 ਤੋਂ ਹਾਲਮਾਰਕਿੰਗ ਦੇ ਬਗੈਰ ਗਹਿਣਿਆਂ ਦੀ ਵਿਕਰੀ ਨਹੀਂ ਹੋ ਸਕੇਗੀ। ਜਵੈਲਰਸ ਨੂੰ ਸਾਰੇ ਗਹਿਣਿਆਂ ਨੂੰ ਵੇਚਣ ਲਈ ਇਕ ਸਾਲ ਦਾ ਸਮਾਂ ਦਿੱਤਾ ਗਿਆ ਹੈ। ਇਸ ਮਿਆਦ ਦੌਰਾਨ ਸਾਰੇ ਜਵੈਲਰਸ ਨੂੰ ਰਜਿਸਟ੍ਰੇਸ਼ਨ ਵੀ ਕਰਾਵਾਉਣੀ ਹੋਵੇਗੀ।

ਕੇਂਦਰੀ ਗ੍ਰਾਹਕ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਮੰਗਲਵਾਰ ਨੂੰ ਕਿਹਾ ਕਿ ਹਾਲਮਾਰਕ ਲਾਜ਼ਮੀ ਕਰਨ ਤੋਂ ਬਾਅਦ ਧੋਖਾਧੜੀ ‘ਤੇ ਲਗਾਮ ਲਗਾਉਣ ਵਿਚ ਮਦਦ ਮਿਲੇਗੀ। ਕਈ ਵਿਕਰੇਤਾ ਖਰੀਦਦਾਰਾਂ ਨੂੰ 9 ਕੈਰੇਟ ਦੇ ਗਹਿਣੇ ਦੇ ਕੇ ਉਹਨਾਂ ਤੋਂ 22 ਕੈਰੇਟ ਦੀ ਕੀਮਤ ਵਸੂਲ ਕਰਦੇ ਹਨ। ਉਹਨਾਂ ਦੱਸਿਆ ਕਿ ਹਾਲਮਾਰਕਿੰਗ ਲਾਜ਼ਮੀ ਹੋਣ ਤੋਂ ਬਾਅਦ ਸਿਰਫ਼ ਤਿੰਨ ਸ਼੍ਰੇਣੀਆਂ ਦੇ ਗਹਿਣੇ ਵੇਚਣ ਦੀ ਇਜਾਜ਼ਤ ਹੋਵੇਗੀ।

ਉਹਨਾਂ ਕਿਹਾ ਕਿ ਕੋਈ ਜਵੈਲਰ ਜਾਂ ਹਾਲਮਾਰਕ ਕੇਂਦਰ ਧੋਖਾਧੜੀ ਕਰਦਾ ਹੈ ਤਾਂ ਉਸ ‘ਤੇ ਘੱਟੋ ਘੱਟ ਇਕ ਲੱਖ ਜਾਂ ਕੁੱਲ ਗਹਿਣਿਆਂ ਦੀ ਕੀਮਤ ਦਾ ਪੰਜ ਗੁਣਾ ਤੱਕ ਜ਼ੁਰਮਾਨਾ ਵਸੂਲਿਆ ਜਾਵੇਗਾ। ਹਾਲਮਾਰਕਿੰਗ ਲਈ ਸਰਕਾਰ ਸਾਰੇ ਸ਼ਹਿਰਾਂ ਵਿਚ ਹਾਲਮਾਰਕਿੰਗ ਕੇਂਦਰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਹਾਲੇ ਤੱਕ ਸਿਰਫ 234 ਸ਼ਹਿਰਾਂ ਵਿਚ ਇਸ ਤਰ੍ਹਾਂ ਦੇ ਕੇਂਦਰ ਹਨ।

ਉਹਨਾਂ ਨੇ ਕਿਹਾ ਕਿ ਲੋਕ ਵੀ ਤੈਅ ਕੀਮਤ ਦੇ ਕੇ ਗਹਿਣਿਆਂ ਦੀ ਗੁਣਵੱਤਾ ਦੀ ਜਾਂਚ ਕਰ ਸਕਦੇ ਹਨ। ਪਾਸਵਾਨ ਨੇ ਕਿਹਾ ਕਿ ਦੇਸ਼ ਵਿਚ ਕਰੀਬ 4 ਲੱਖ ਜਵੈਲਰਸ ਹਨ। ਇਹਨਾਂ ਵਿਚੋਂ ਸਿਰਫ 28 ਹਜ਼ਾਰ 849 ਜਵੈਲਰਸ ਨੇ ਹਾਲਮਾਰਕਿੰਗ ਲਈ ਰਜਿਸਟ੍ਰੇਸ਼ਨ ਕਰਵਾਈ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡ ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਨੂੰ ਪ੍ਰਮਾਣਿਤ ਕਰਨ ਦੀ ਇਕ ਪ੍ਰਣਾਲੀ ਹੈ।

ਬੀਆਈਐਸ ਦਾ ਇਕ ਚਿੰਨ ਪ੍ਰਮਾਣਿਤ ਕਰਦਾ ਹੈ ਕਿ ਗਹਿਣੇ ਬੀਆਈਐਸ ਦੇ ਮਾਪਦੰਡਾਂ ‘ਤੇ ਖਰਾ ਉਤਰਦਾ ਹੈ। ਇਸ ਲਈ ਗਹਿਣਿਆਂ ਨੂੰ ਖਰੀਦਣ ਤੋਂ ਪਹਿਲਾਂ ਇਹ ਸੁਨਿਸ਼ਚਿਤ ਕਰ ਲਓ ਕੇ ਗਹਿਣਿਆਂ ‘ਤੇ ਕਿੰਨੈ ਕੈਰੇਟ ਦੀ ਹਾਲਮਾਰਕਿੰਗ ਹੈ। ਇਸ ਦੇ ਨਾਲ ਹੀ ਕਿਸ ਹਾਲਮਾਰਕ ਕੇਂਦਰ ਵਿਚ ਇਹਨਾਂ ਗਹਿਣਿਆਂ ਦੀ ਜਾਂਚ ਕੀਤੀ ਗਈ ਹੈ, ਉਸ ਦਾ ਵੀ ਨਿਸ਼ਾਨ ਹੋਵੇਗਾ।