ਚੀਨੀ-ਪਾਕਿ ਪਣਡੁੱਬੀਆਂ 'ਤੇ ਨਜ਼ਰ ਰੱਖਣ ਲਈ ਭਾਰਤ ਨੇ ਅਮਰੀਕਾ ਨਾਲ ਕੀਤੀ 24 MH-60R Chopper Deal 

ਏਜੰਸੀ

ਖ਼ਬਰਾਂ, ਵਪਾਰ

ਭਾਰਤ ਨੇ ਨੇਵੀ ਲਈ 24 ਅਤਿਆਧੁਨਿਕ ਐਂਟੀ ਸਬਮਰੀਨ ਲੜਾਕੂ ਹੈਲੀਕਾਪਟਰ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Photo

ਨਵੀਂ ਦਿੱਲੀ: ਅਮਰੀਕੀ ਕੰਪਨੀ ਲੌਕਹੀਡ ਮਾਰਟਿਨ (Lockheed Martin) ਨਾਲ 90.5 ਕਰੋੜ ਅਮਰੀਕੀ ਡਾਲਰ ਦਾ ਸੌਦਾ ਕਰਨ ਤੋਂ ਬਾਅਦ ਭਾਰਤ ਨੇ ਨੇਵੀ ਲਈ 24 ਅਤਿਆਧੁਨਿਕ ਐਂਟੀ ਸਬਮਰੀਨ ਲੜਾਕੂ ਹੈਲੀਕਾਪਟਰ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇੰਡੀਅਨ ਨੇਵੀ ਕੋਲ ਮੌਜੂਦ ਇੰਗਲੈਂਡ ਕੋਲੋਂ ਸਾਲ 1971 ਵਿਚ ਹਾਸਲ ਕੀਤੇ ਗਏ ਪੁਰਾਣੀ ਤਕਨੀਕ ਵਾਲੇ ਸੀ ਕਿੰਗ ਹੈਲੀਕਾਪਟਰਾਂ ਦਾ ਸਥਾਨ ਲੈਣ ਆ ਰਹੇ ਐਮਐਚ-60ਆਰ (MH-60R) ਹੈਲੀਕਾਪਟਰ, ਹਿੰਦ ਮਹਾਸਾਗਰ ਖੇਤਰ ਵਿਚ ਚੀਨੀ ਅਤੇ ਪਾਕਿਸਤਾਨੀ ਪਣਡੁੱਬੀਆਂ ਅਤੇ ਜੰਗੀ ਜਹਾਜ਼ਾਂ ਨੂੰ ਲੱਭਣ ਤੇ ਉਹਨਾਂ ਨਾਲ ਉਲਝਣ ਲਈ ਲਿਆਂਦੇ ਜਾ ਰਹੇ ਹਨ। 

ਜਿਸ ਸਮਝੌਤੇ 'ਤੇ ਦਸਤਖਤ ਕੀਤੇ ਗਏ ਹਨ, ਉਹ ਉਸ 2.6 ਅਰਬ ਅਮਰੀਕੀ ਡਾਲਰ ਦੇ ਉਸ ਪੈਕੇਜ ਦਾ ਅੱਧਾ ਵੀ ਨਹੀਂ ਹੈ, ਜਿਸ ਦਾ ਐਲਾਨ ਅਮਰੀਕੀ ਵਿਦੇਸ਼ ਵਿਭਾਗ ਨੇ ਅਪ੍ਰੈਲ 2019 ਵਿਚ ਕੀਤਾ ਸੀ। ਇਸ ਪੈਕੇਜ ਵਿਚ ਚੋਪਰ, ਉਹਨਾਂ ਦੇ ਸੈਂਸਰਾਂ ਅਤੇ ਸੰਚਾਰ ਸਿਸਟਮ ਦੇ ਨਾਲ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਸਮਰੱਥ ਹੇਲਫਾਇਰ ਮਿਸਾਈਲਾਂ, ਐਮਕੇ 54 ਟਾਰਪੀਡੋ ਅਤੇ ਪ੍ਰਿਸੀਜ਼ਨ ਸਟ੍ਰਾਇਕ ਰਾਕੇਟ ਸਿਸਟਮ ਸਮੇਤ ਕਈ ਹਥਿਆਰ ਸਿਸਟਮ ਦੀ ਕੀਮਤ ਵੀ ਸ਼ਾਮਲ ਹੈ।

ਇਹਨਾਂ ਹੈਲੀਕਾਪਟਰਾਂ ਦੇ ਜ਼ਰੀਏ ਨਾਰਵੇਜੀਅਨ ਕੰਪਨੀ ਕਾਂਗਸਬਰਗ ਡਿਫੈਂਸ ਐਂਡ ਏਰੋਸਪੇਸ ਵੱਲੋਂ ਵਿਕਸਿਤ ਕੀਤੀ ਗਈ ਨੇਵਲ ਸਟ੍ਰਾਇਕ ਮਿਸਾਇਲ (NSM) ਨੂੰ ਵੀ ਦਾਗਿਆ ਜਾ ਸਕਦਾ ਹੈ। NSM ਕਿਸੇ ਵੀ ਜੰਗੀ ਜਹਾਜ਼ ਨੂੰ 185 ਕਿਲੋਮੀਟਰ ਦੀ ਰੇਂਜ ਤੋਂ ਉਲਝਾ ਸਕਦੀ ਹੈ। ਭਾਰਤ ਮੂਲ ਪੈਕੇਜ ਵਿਚ NSM ਟ੍ਰੇਨਿੰਗ ਮਿਸਾਇਲ ਦੀ ਵੀ ਉਮੀਦ ਕਰ ਰਿਹਾ ਸੀ ਤਾਂ ਜੋ ਮਿਸਾਇਲ ਸਿਸਟਮ ਦਾ ਸੌਦਾ ਵੀ ਕੀਤਾ ਜਾ ਸਕੇ।

ਇਸ ਸੌਦੇ ਨੂੰ ਸਿੱਧਾ ਅਮਰੀਕੀ ਨੇਵੀ ਜ਼ਰੀਏ ਕੀਤਾ ਜਾ ਰਿਹਾ ਹੈ, ਜਿਸ ਨੇ ਲੌਕਹੀਡ ਮਾਰਟਿਨ ਨੂੰ ਤਿੰਨ ਐਮਐਚ-60 ਆਰ ਹੈਲੀਕਾਪਟਰਾਂ ਦੀ ਡਲਿਵਰੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਭਾਰਤੀ ਨੇਵੀ ਦੇ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ ਇਹਨਾਂ ਹੈਲੀਕਾਪਟਰਾਂ 'ਤੇ ਸਿਖਲਾਈ ਦਾ ਮੌਕਾ ਮਿਲ ਸਕੇਗਾ। ਐਮਐਚ-60 ਆਰ ਹੈਲੀਕਾਪਟਰਾਂ ਦੀ ਪਹਿਲੀ ਖੇਪ ਅਮਰੀਕਾ ਕੋਲੋਂ ਭਾਰਤ ਨੂੰ ਅਗਲੇ ਸਾਲ ਮਿਲ ਜਾਵੇਗੀ।