ਕਾਲਾ ਧਨ ਵਾਲਿਆਂ 'ਤੇ ਸ਼ਿਕੰਜਾ, 50 ਭਾਰਤੀਆਂ ਨੂੰ ਨੋਟਿਸ

ਏਜੰਸੀ

ਖ਼ਬਰਾਂ, ਵਪਾਰ

ਸਵਿਟਜ਼ਰਲੈਂਡ ਦੀ ਸਰਕਾਰ ਨੇ ਟੈਕਸ ਚੋਰਾਂ ਦੀ ਪਨਾਹਗਾਹ ਵਜੋਂ ਆਪਣੇ ਦੇਸ਼ ਦੇ ਖ਼ਰਾਬ ਹੋਏ ਅਕਸ ਨੂੰ ਬਦਲਣ ਲਈ ਕੁਝ ਸਾਲਾਂ ਤੋਂ ਸੁਧਾਰ ਕੀਤੇ ਹਨ।

Black money chase : 50 Indians get notices

ਨਵੀਂ ਦਿੱਲੀ/ਬਰਨ : ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਅਣ-ਐਲਾਨੇ ਖਾਤੇ ਰੱਖਣ ਵਾਲੇ ਭਾਰਤੀਆਂ ਵਿਰੁਧ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿਤਾ ਹੈ। ਸਵਿਟਜ਼ਰਲੈਂਡ ਦੇ ਅਧਿਕਾਰੀ ਇਸ ਸਿਲਸਲੇ ਵਿਚ ਘੱਟ ਤੋਂ ਘੱਟ 50 ਭਾਰਤੀ ਲੋਕਾਂ ਨੂੰ ਬੈਂਕ ਸਬੰਧੀ ਸੂਚਨਾ ਭਾਰਤੀ ਅਧਿਕਾਰੀਆਂ ਨੂੰ ਸੌਂਪਣ ਦੀ ਪ੍ਰਕਿਰਿਆ ਵਿਚ ਲੱਗੇ ਹਨ।

ਅਜਿਹੇ ਲੋਕਾਂ ਵਿਚ ਜ਼ਿਆਦਾਤਰ ਜ਼ਮੀਨ-ਜਾਇਦਾਦ, ਵਿੱਤੀ ਸੇਵਾ, ਦੂਰ ਸੰਚਾਰ, ਘਰੇਲੂ ਸਾਜੋ-ਸਮਾਨ, ਪੇਂਟ, ਕਪੜਾ, ਇੰਨਜੀਨੀਅਰਿੰਗ ਸਮਾਨ ਅਤੇ ਗ਼ਹਿਣਾ ਕਾਰੋਬਾਰੀ ਅਤੇ ਕੰਪਨੀਆਂ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਡਮੀ ਕੰਪਨੀਆਂ ਵੀ ਹੋ ਸਕਦੀਆਂ ਹਨ। ਇਹ ਜਾਣਕਾਰੀ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਪ੍ਰਸ਼ਾਸਨਿਕ ਸਹਾਇਤਾ ਦੀ ਪ੍ਰਕਿਰਿਆ 'ਚ ਸ਼ਾਮਲ ਅਧਿਕਾਰੀਆਂ ਨੇ ਦਿਤੀ ਹੈ।

ਸਵਿਟਜ਼ਰਲੈਂਡ ਦੀ ਸਰਕਾਰ ਟੈਕਸ ਚੋਰਾਂ ਲਈ ਪਨਾਹਗਾਹ ਵਾਲਾ ਅਪਣੇ ਦੇਸ਼ ਦੇ ਅਕਸ ਨੂੰ ਬਦਲਣ ਲਈ ਕੁਝ ਸਾਲਾਂ ਤੋਂ ਸੁਧਾਰ ਕਰ ਰਹੀ ਹੈ। ਉਹ ਇਸ ਸਬੰਧੀ ਸਮਝੌਤੇ ਤਹਿਤ ਵੱਖ-ਵੱਖ ਦੇਸ਼ਾਂ ਨਲ ਸ਼ੱਕੀ ਵਿਅਕਤੀਆਂ ਸਬੰਧੀ ਬੈਂਕਿੰਗ ਸੂਚਨਾਵਾਂ ਨੂੰ ਸਾਂਝਾ ਕਰਨ 'ਚ ਲੱਗੀ ਹੋਈ ਹੈ। ਸਵਿਟਜ਼ਰਲੈਂਡ ਨੇ ਹਾਲ ਹੀ ਵਿਚ ਕੁਝ ਦੇਸ਼ਾਂ ਨਾਲ ਜਾਣਕਾਰੀ ਸਾਂਝੀ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿਤੀ ਹੈ। ਪਿਛਲੇ ਹਫ਼ਤੇ ਦੌਰਾਨ ਭਾਰਤ ਨਾਲ ਸਬੰਧਤ ਮਾਮਲਿਆਂ 'ਚ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਵਿਚ ਜ਼ਿਆਦਾ ਤੇਜ਼ੀ ਆਈ ਹੈ। ਭਾਰਤ ਵਿਚ ਕਾਲੇ ਧਨ ਦਾ ਮਾਮਲਾ ਸਿਆਸੀ ਪੱਖੋਂ ਸੰਵੇਦਨਸ਼ੀਲ ਹੈ।

ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਮਾਰਚ ਤੋਂ ਹੁਣ ਤਕ ਘੱਟ ਤੋਂ ਘੱਟ 50 ਭਾਰਤੀ ਖਾਤਾਧਾਰਕਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਦੀ ਜਾਣਕਾਰੀ ਭਾਰਤ ਸਰਕਾਰ ਨੂੰ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਵਿਰੁਧ ਅਪੀਲ ਦਾ ਇਕ ਆਖ਼ਰੀ ਮੌਕਾ ਦਿਤਾ ਹੈ। ਸਵਿਟਜ਼ਰਲੈਂਡ ਅਪਣੇ ਬੈਂਕਾਂ ਵਿਚ ਖਾਤੇ ਰੱਖਣ ਵਾਲੇ ਗਾਹਕਾਂ ਦੀ ਗੁਪਤਤਾ ਬਣਾਈ ਰੱਖਣ ਸਬੰਧੀ ਇਕ ਵੱਡੇ ਆਲਮੀ ਵਿੱਤੀ ਕੇਂਦਰ ਦੇ ਰੂਪ ਵਿਚ ਜਾਣਿਆ ਜਾਂਦਾ ਰਿਹਾ ਹੈ। ਪਰ ਟੈਕਸ ਚੋਰੀ ਦੇ ਮਾਮਲੇ ਵਿਚ ਆਲਮੀ ਪੱਧਰ 'ਤੇ ਸਮਝੌਤੇ ਮਗਰੋਂ ਗੁਪਤਤਾ ਦੀ ਇਹ ਕੰਧ ਹੁਣ ਨਹੀਂ ਰਹੀ। 

ਖਾਤਾਧਾਰਕਾਂ ਦੀ ਜਾਣਕਾਰੀ ਨੂੰ ਸਾਂਝਾ ਕਰਨ ਸਬੰਧੀ ਭਾਰਤ ਸਰਕਾਰ ਨਾਲ ਉਸ ਨੇ ਸਮਝੌਤਾ ਕੀਤਾ ਹੈ ਹੋਰ ਦੇਸ਼ਾਂ ਨਾਲ ਵੀ ਅਜਿਹੇ ਸਮਝੌਤੇ ਕੀਤੇ ਗਏ ਹਨ। ਸਵਿਟਜ਼ਰਲੈਂਡ ਸਰਕਾਰ ਨੇ ਗਜਟ ਵਲੋਂ ਜਾਰੀ ਜਨਤਕ ਕੀਤੀ ਜਾਣਕਾਰੀ ਵਿਚ ਗਾਹਕਾਂ ਦਾ ਪੂਰਾ ਨਾਂ ਨਾ ਦਸਦਿਆਂ ਸਿਰਫ਼ ਨਾਂ ਦੇ ਸ਼ੁਰੂਆਤੀ ਅੱਖਰ ਦੱਸੇ ਹਨ। ਇਸ ਤੋਂ ਇਲਾਵਾ ਗਾਹਕਾਂ ਦੀ ਨਾਗਰਿਕਤਾ ਅਤੇ ਜਨਮ ਮਿਤੀ ਦਾ ਜ਼ਿਕਰ ਕੀਤਾ ਗਿਆ ਹੈ। 

ਗਜਟ ਅਨੁਸਾਰ ਸਿਰਫ਼ 21 ਮਈ ਨੂੰ 11 ਭਾਰਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।  ਜਿਨ੍ਹਾਂ ਵਿਚ 2 ਭਾਰਤੀਆਂ ਦਾ ਪੂਰਾ ਨਾਂ ਦਸਿਆ ਗਿਆ ਹੈ ਅਤੇ ਉਨ੍ਹਾਂ ਵਿਚ ਮਈ 1949 ਨੂੰ ਪੈਦਾ ਹੋਏ ਕ੍ਰਿਸ਼ਨ ਭਗਵਾਨ ਰਾਮਚੰਦ ਅਤੇ ਸਤੰਬਰ 1972 'ਚ ਪੈਦਾ ਹੋਏ ਕਲਪੇਸ਼ ਹਰਸ਼ਦ ਕਿਨਾਰੀਵਾਲਾ ਸ਼ਾਮਲ ਹਨ। ਹਾਲਾਂਕਿ, ਇਨ੍ਹਾਂ ਬਾਰੇ ਹੋਰ ਜਾਣਕਾਰੀਆਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। 

 ਜਾਣਕਾਰੀ ਅਨੁਸਾਰ ਦਿਤੇ ਵੇਰਵੇ ਵਿਚ ਹੋਰ ਨਾਂ ਜਿਨ੍ਹਾਂ ਦੇ ਸ਼ੁਰੂਆਤੀ ਅੱਖਰ ਦੱਸੇ ਗਏ ਹਨ ਉਨ੍ਹਾਂ ਵਿਚ ਏਐਸਬੀਕੇ (24 ਨਵੰਬਰ 1944), ਏਬੀਕੇਆਈ  (9 ਜੁਲਾਈ 1944), ਸ਼੍ਰੀਮਤੀ ਪੀਏਐਸ  (2 ਨਵੰਬਰ 1983), ਸ੍ਰੀਮਤੀ ਆਰਏਐਸ  (22 ਨਵੰਬਰ 1973),  ਏਪੀਐਸ (27 ਨਵੰਬਰ 1944), ਸ਼੍ਰੀਮਤੀ ਏਡੀਐਸ  (14 ਅਗਸਤ 1949), ਐਮਐਲਏ  (20 ਮਈ 1935), ਐਨਐਮਏ  (21 ਫ਼ਰਵਰੀ 1968) ਅਤੇ ਐਮਐਮਏ  (27 ਜੂਨ 1973) ਸ਼ਾਮਲ ਹਨ। ਇਨ੍ਹ ਨੂੰ ਪੇਜੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਸਬੰਧਤ ਗਾਹਕ ਜਾਂ ਉਨ੍ਹਾਂ  ਦਾ ਅਧਿਕਾਰਕ ਪ੍ਰਤੀਨਿਧੀ ਜ਼ਰੂਰੀ ਦਸਤਾਵੇਜ਼ੀ ਸਬੂਤਾਂ ਨਾਲ 30 ਦਿਨਾਂ ਦੇ ਅੰਦਰ ਅਪੀਲ ਕਰਨ ਲਈ ਪੇਸ਼ ਹੋਣੇ।