ਕਾਲਾ ਧਨ : ਭਾਰਤ ਤੇ ਸਵਿਟਜ਼ਰਲੈਂਡ ਦੁਆਰਾ ਜਾਣਕਾਰੀ ਸਾਂਝੀ ਕਰਨ ਬਾਰੇ ਵਿਚਾਰਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਅਤੇ ਸਵਿਟਜ਼ਰਲੈਂਡ ਨੇ ਕਾਲੇ ਧਨ ਬਾਰੇ ਅਪਣੇ ਆਪ ਹੀ ਜਾਣਕਾਰੀ ਦੇ ਵਟਾਂਦਰੇ ਦਾ ਪ੍ਰਬੰਧ ਚਾਲੂ ਕਰਨ ਸਬੰਧੀ ਵਿਚਾਰ-ਚਰਚਾ ਕੀਤੀ................

Money

ਨਵੀਂ ਦਿੱਲੀ : ਭਾਰਤ ਅਤੇ ਸਵਿਟਜ਼ਰਲੈਂਡ ਨੇ ਕਾਲੇ ਧਨ ਬਾਰੇ ਅਪਣੇ ਆਪ ਹੀ ਜਾਣਕਾਰੀ ਦੇ ਵਟਾਂਦਰੇ ਦਾ ਪ੍ਰਬੰਧ ਚਾਲੂ ਕਰਨ ਸਬੰਧੀ ਵਿਚਾਰ-ਚਰਚਾ ਕੀਤੀ। ਇਹ ਚਰਚਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰੀ ਇਗਨਾਜ਼ੀਓ ਕਾਸਿਸ ਵਿਚਾਲੇ ਇਥੇ ਹੋਈ। ਭਾਰਤ ਵਿਚ ਕਾਲਾ ਧਨ ਕਾਫ਼ੀ ਭਖਵਾਂ ਮੁੱਦਾ ਹੈ ਅਤੇ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਕਈ ਭਾਰਤੀਆਂ ਦਾ ਕਾਲਾ ਧਨ ਪਿਆ ਹੈ। ਸਰਕਾਰ ਇਸ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਕਾਫ਼ੀ ਜ਼ੋਰ ਲਾ ਰਹੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦਸਿਆ ਕਿ ਕਾਲੇ ਧਨ ਨੂੰ ਰੋਕਣ ਦੀ ਭਾਰਤ ਸਰਕਾਰ ਦੀ ਮੁਹਿੰਮ ਦੇ ਪਰਿਪੇਖ ਵਿਚ ਮੰਤਰੀਆਂ ਨੇ ਜਾਣਕਾਰੀ ਦੇ ਅਪਣੇ ਆਪ ਹੀ ਆਦਾਨ-ਪ੍ਰਦਾਨ ਬਾਰੇ ਚਰਚਾ ਕੀਤੀ। ਸਵਿਟਜ਼ਰਲੈਂਡ ਨੇ ਪਿਛਲੇ ਸਾਲ ਦੋਹਾਂ ਦੇਸ਼ਾਂ ਵਿਚ ਅਪਣੇ ਆਪ ਹੀ ਜਾਣਕਾਰੀ ਵਟਾਂਦਰਾ ਸਮਝੌਤੇ ਨੂੰ ਪ੍ਰਵਾਨਗੀ ਦਿਤੀ ਸੀ। ਇਸ ਢਾਂਚੇ ਤਹਿਤ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ, ਉਸ ਵਿਚ ਖਾਤਾ ਨੰਬਰ, ਨਾਮ, ਪਤਾ, ਜਨਮ ਮਿਤੀ, ਕਰ ਪਛਾਣ ਨੰਬਰ, ਵਿਆਜ, ਰਸੀਦਾਂ, ਬਕਾਇਆ, ਵਿੱਤੀ ਸੰਪਤੀਆਂ ਦੀ ਵਿਕਰੀ ਤੋਂ ਆਮਦਨ ਆਦਿ ਸ਼ਾਮਲ ਹੈ।

ਬੁਲਾਰੇ ਨੇ ਕਿਹਾ ਕਿ ਦੋਹਾਂ ਧਿਰਾਂ ਨੇ ਵਪਾਰ ਅਤੇ ਆਰਥਕ ਭਾਈਵਾਲੀ ਸਮਝੌਤੇ ਬਾਰੇ ਪ੍ਰਗਤੀ ਦੀ ਸਮੀਖਿਆ ਕੀਤੀ। ਬੁਲਾਰੇ ਮੁਤਾਬਕ ਦੋਹਾਂ ਮੰਤਰੀਆਂ ਨੇ ਦੁਵੱਲੇ ਸਬੰਧਾਂ ਖ਼ਾਸਕਰ ਅਹਿਮ ਖੇਤਰੀ ਅਤੇ ਦੁਵੱਲੇ ਹਿਤਾਂ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਵਪਾਰ, ਨਿਵੇਸ਼, ਸਿਖਿਆ, ਸੂਚਨਾ ਤਕਨੀਕ ਅਤੇ ਸੈਰ-ਸਪਾਟਾ ਜਿਹੇ ਖੇਤਰਾਂ ਵਿਚ ਤਾਲਮੇਲ ਦਾ ਜਾਇਜ਼ਾ ਲਿਆ ਗਿਆ। ਦੋਹਾਂ ਮੰਤਰੀਆਂ ਨੇ ਸਵਿਟਜ਼ਰਲੈਂਡ ਵਿਚ ਆਯੁਰਵੇਦ ਨੂੰ ਹੋਰ ਮਕਬੂਲ ਬਣਾਉਣ ਦੇ ਤਰੀਕਿਆਂ ਬਾਰੇ ਵੀ ਵਿਚਾਰਾਂ ਕੀਤੀਆਂ। (ਪੀਟੀਆਈ)