Share Market Crash News: ਸ਼ੇਅਰ ਬਾਜ਼ਾਰ ’ਚ ਡੇਢ ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਸੈਂਸੈਕਸ ਨੇ 1,628 ਅੰਕ ਦਾ ਗੋਤਾ ਲਾਇਆ, ਨਿਫਟੀ ਵੀ 460 ਅੰਕ ਡਿੱਗਿਆ, ਨਿਵੇਸ਼ਕਾਂ ਨੂੰ ਇਕ ਦਿਨ ’ਚ 4.59 ਲੱਖ ਕਰੋੜ ਰੁਪਏ ਦਾ ਨੁਕਸਾਨ

Share Market Crash News

Share Market Crash News: ਘਰੇਲੂ ਸ਼ੇਅਰ ਬਾਜ਼ਾਰਾਂ ’ਚ ਹਾਲ ਹੀ ’ਚ ਆਈ ਤੇਜ਼ੀ ਤੋਂ ਬਾਅਦ ਬੁਧਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 1,628 ਅੰਕ ਡਿੱਗ ਗਿਆ। ਪਿਛਲੇ ਡੇਢ ਸਾਲ ’ਚ ਸੈਂਸੈਕਸ ’ਚ ਇਕ ਦਿਨ ’ਚ ਆਈ ਇਹ ਸੱਭ ਤੋਂ ਵੱਡੀ ਗਿਰਾਵਟ ਹੈ। ਵਿਸ਼ਵ ਪੱਧਰ ’ਤੇ ਕਮਜ਼ੋਰ ਰੁਝਾਨ ਦੇ ਵਿਚਕਾਰ ਬੈਂਕ, ਮੈਟਲ ਅਤੇ ਪਟਰੌਲੀਅਮ ਸ਼ੇਅਰਾਂ ਵਿਚ ਮਜ਼ਬੂਤ ਵਿਕਰੀ ਕਾਰਨ ਬਾਜ਼ਾਰ ਵਿਚ ਗਿਰਾਵਟ ਆਈ। 30 ਸ਼ੇਅਰਾਂ ਵਾਲਾ ਸੈਂਸੈਕਸ 1,628.01 ਅੰਕ ਯਾਨੀ 2.23 ਫੀ ਸਦੀ ਦੀ ਗਿਰਾਵਟ ਨਾਲ 71,500.76 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ ਡਿੱਗ ਕੇ 1,699.47 ਦੇ ਹੇਠਲੇ ਪੱਧਰ ’ਤੇ ਆ ਗਿਆ। ਸੈਂਸੈਕਸ ਦੇ 30 ਸ਼ੇਅਰਾਂ ’ਚੋਂ 24 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 460.35 ਅੰਕ ਯਾਨੀ 2.09 ਫੀ ਸਦੀ ਡਿੱਗ ਕੇ 21,571.95 ਅੰਕ ’ਤੇ ਬੰਦ ਹੋਇਆ।

ਕਮਜ਼ੋਰ ਗਲੋਬਲ ਰੁਝਾਨਾਂ ਦਰਮਿਆਨ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਕਾਰਨ ਬੁਧਵਾਰ ਨੂੰ ਨਿਵੇਸ਼ਕਾਂ ਨੂੰ 4.59 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ।
ਪ੍ਰਮੁੱਖ ਸੂਚਕਾਂ... ਸੈਂਸੈਕਸ ਅਤੇ ਨਿਫਟੀ ... ਫ਼ੀ ਸਦੀ ਦੇ ਹਿਸਾਬ ਨਾਲ 13 ਜੂਨ, 2022 ਤੋਂ ਬਾਅਦ ਇਹ ਸੱਭ ਤੋਂ ਵੱਡੀ ਇਕ ਦਿਨ ਦੀ ਗਿਰਾਵਟ ਹੈ। ਇਹ ਭਾਰੀ ਗਿਰਾਵਟ ਸ਼ੇਅਰ ਬਾਜ਼ਾਰ ’ਚ ਹਾਲ ਹੀ ’ਚ ਆਈ ਤੇਜ਼ੀ ਤੋਂ ਬਾਅਦ ਆਈ ਹੈ।

ਸੈਂਸੈਕਸ ’ਚ ਐਚ.ਡੀ.ਐਫ.ਸੀ. ਬੈਂਕ 8 ਫੀ ਸਦੀ ਤੋਂ ਜ਼ਿਆਦਾ ਡਿੱਗ ਗਿਆ। ਤਿਮਾਹੀ ਨਤੀਜੇ ਬਾਜ਼ਾਰ ਦੀਆਂ ਉਮੀਦਾਂ ਦੇ ਅਨੁਕੂਲ ਨਾ ਹੋਣ ਤੋਂ ਬਾਅਦ ਕੰਪਨੀ ਦਾ ਸਟਾਕ ਹੇਠਾਂ ਆਇਆ ਹੈ। ਇਸ ਦੇ ਨਾਲ ਹੀ ਕੰਪਨੀ ਦੇ ਬਾਜ਼ਾਰ ਪੂੰਜੀਕਰਨ ’ਚ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮੀ ਆਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਚ.ਡੀ.ਐਫ.ਸੀ. ਬੈਂਕ ਨੇ ਮੰਗਲਵਾਰ ਨੂੰ ਵਿੱਤੀ ਨਤੀਜੇ ਜਾਰੀ ਕੀਤੇ। ਇਸ ਦੇ ਮੁਤਾਬਕ ਅਕਤੂਬਰ-ਦਸੰਬਰ ਤਿਮਾਹੀ ’ਚ ਕੰਪਨੀ ਦਾ ਏਕੀਕ੍ਰਿਤ ਸ਼ੁੱਧ ਲਾਭ 2.65 ਫੀ ਸਦੀ ਵਧ ਕੇ 17,258 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੀ ਸਤੰਬਰ ਤਿਮਾਹੀ ’ਚ ਕੰਪਨੀ ਨੂੰ 16,811 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਐਸ.ਬੀ.ਆਈ. ਅਤੇ ਇੰਡਸਇੰਡ ਬੈਂਕ ਦੇ ਸ਼ੇਅਰਾਂ ’ਚ ਗਿਰਾਵਟ ਆਈ। ਇਸ ਤੋਂ ਇਲਾਵਾ ਟਾਟਾ ਸਟੀਲ, ਜੇ.ਐਸ.ਡਬਲਯੂ. ਸਟੀਲ, ਬਜਾਜ ਫਿਨਸਰਵ, ਮਾਰੂਤੀ ਏਸ਼ੀਅਨ ਪੇਂਟਸ ਅਤੇ ਟਾਟਾ ਮੋਟਰਜ਼ ਦੇ ਸ਼ੇਅਰਾਂ ’ਚ ਵੀ ਗਿਰਾਵਟ ਦਰਜ ਕੀਤੀ ਗਈ। ਦੂਜੇ ਪਾਸੇ ਐਚ.ਸੀ.ਐਲ. ਟੈਕਨੋਲੋਜੀਜ਼, ਇਨਫੋਸਿਸ, ਟੈਕ ਮਹਿੰਦਰਾ, ਟਾਟਾ ਕੰਸਲਟੈਂਸੀ ਸਰਵਿਸਿਜ਼, ਨੈਸਲੇ ਅਤੇ ਲਾਰਸਨ ਐਂਡ ਟੂਬਰੋ ਦੇ ਸ਼ੇਅਰਾਂ ’ਚ ਵਾਧਾ ਦਰਜ ਕੀਤਾ ਗਿਆ।

ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ ਕਿ ਅਮਰੀਕੀ ਫੈਡਰਲ ਰਿਜ਼ਰਵ ਦੀ ਨੀਤੀਗਤ ਦਰਾਂ ’ਚ ਕਟੌਤੀ ’ਚ ਹੋਰ ਦੇਰੀ ਅਤੇ ਬੈਂਕ ਸ਼ੇਅਰਾਂ ’ਚ ਭਾਰੀ ਗਿਰਾਵਟ ਦੀ ਸੰਭਾਵਨਾ ਨਾਲ ਧਾਰਨਾ ਪ੍ਰਭਾਵਤ ਹੋਈ। ਇਕ ਪਾਸੇ ਸ਼ੇਅਰਾਂ ਦੀ ਕੀਮਤ ਜ਼ਿਆਦਾ ਹੈ, ਦੂਜੇ ਪਾਸੇ ਕੰਪਨੀਆਂ ਦੇ ਨਤੀਜੇ ਅਤੇ 2023-24 ਲਈ ਜੀ.ਡੀ.ਪੀ. (ਕੁਲ ਘਰੇਲੂ ਉਤਪਾਦ) ਵਿਕਾਸ ਅਨੁਮਾਨ ਦਾ ਅਸਰ ਬਾਜ਼ਾਰ ’ਚ ਪਹਿਲਾਂ ਹੀ ਵੇਖਣ ਨੂੰ ਮਿਲ ਚੁੱਕਾ ਹੈ।

ਇਸ ਸੱਭ ਦੇ ਮੱਦੇਨਜ਼ਰ ਬਾਜ਼ਾਰ ’ਚ ਗਿਰਾਵਟ ਆਈ ਹੈ। ਐਕਸਿਸ ਸਕਿਓਰਿਟੀਜ਼ ਪੀ.ਐਮ.ਐਸ. ਦੇ ਮੁੱਖ ਨਿਵੇਸ਼ ਅਧਿਕਾਰੀ ਨਵੀਨ ਕੁਲਕਰਨੀ ਨੇ ਕਿਹਾ, ‘‘ਐਚ.ਡੀ.ਐਫ.ਸੀ. ਬੈਂਕ ਦੇ ਨਤੀਜਿਆਂ ਤੋਂ ਬਾਅਦ ਬੈਂਕ ਸ਼ੇਅਰਾਂ ’ਚ ਗਿਰਾਵਟ ਕਾਰਨ ਅੱਜ ਬਾਜ਼ਾਰ ’ਚ ਗਿਰਾਵਟ ਆਈ ਹੈ। ਐਚ.ਡੀ.ਐਫ.ਸੀ. ਬੈਂਕ ਦੇ ਨਤੀਜੇ ਦਰਸਾਉਂਦੇ ਹਨ ਕਿ ਕਰਜ਼ਾ/ਜਮ੍ਹਾਂ ਅਨੁਪਾਤ ਆਰ.ਬੀ.ਆਈ. ਦੇ ਆਰਾਮ ਦੇ ਪੱਧਰ ਤੋਂ ਉੱਪਰ ਹੈ। ਹੋਰ ਬੈਂਕਾਂ ਦਾ ਵੀ ਇਹੋ ਹਾਲ ਹੈ। ਇਸ ਨਾਲ ਬਾਜ਼ਾਰ ਨੂੰ ਲਗਦਾ ਹੈ ਕਿ ਜੇਕਰ ਬੈਂਕ ਜਮ੍ਹਾਂ ਰਾਸ਼ੀ ਵਧਾਉਣ ਲਈ ਹਮਲਾਵਰ ਤਰੀਕੇ ਨਾਲ ਅੱਗੇ ਵਧਦੇ ਹਨ ਤਾਂ ਇਸ ਨਾਲ ਕ੍ਰੈਡਿਟ ਵਾਧੇ ’ਤੇ ਅਸਰ ਪਵੇਗਾ। ਨਤੀਜੇ ਵਜੋਂ, ਮਾਰਜਿਨ ਦਬਾਅ ਹੇਠ ਆ ਜਾਵੇਗਾ। ਇਸ ਨਾਲ ਖੇਤਰ ਦੀ ਭਰੋਸੇਯੋਗਤਾ ਖਤਮ ਹੋਣ ਦਾ ਖਤਰਾ ਹੈ।’’

ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ ਅਤੇ ਹਾਂਗਕਾਂਗ ਦਾ ਹੈਂਗਸੇਂਗ ਗਿਰਾਵਟ ’ਚ ਬੰਦ ਹੋਏ। ਯੂਰਪ ਦੇ ਬਾਜ਼ਾਰਾਂ ’ਚ ਵੀ ਸ਼ੁਰੂਆਤੀ ਸੌਦਿਆਂ ’ਚ ਤੇਜ਼ੀ ਨਾਲ ਗਿਰਾਵਟ ਆਈ। ਮੰਗਲਵਾਰ ਨੂੰ ਅਮਰੀਕੀ ਬਾਜ਼ਾਰ ਘਾਟੇ ’ਚ ਸਨ। ਗਲੋਬਲ ਤੇਲ ਬੈਂਚਮਾਰਕ ਬ੍ਰੈਂਟ ਕਰੂਡ 1.84 ਫੀ ਸਦੀ ਦੀ ਗਿਰਾਵਟ ਨਾਲ 76.85 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਮੰਗਲਵਾਰ ਨੂੰ 656.57 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਮੰਗਲਵਾਰ ਨੂੰ ਸੈਂਸੈਕਸ ’ਚ 199.17 ਅੰਕ ਅਤੇ ਨਿਫਟੀ ’ਚ 65.15 ਅੰਕ ਦੀ ਗਿਰਾਵਟ ਆਈ ਸੀ। ਬੀਐਸਈ ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 4,59,327.64 ਕਰੋੜ ਰੁਪਏ ਘਟ ਕੇ 3,70,35,933.18 ਕਰੋੜ ਰੁਪਏ ਰਹਿ ਗਿਆ। ਬਾਜ਼ਾਰ ’ਚ ਗਿਰਾਵਟ ਦੇ ਦੋ ਦਿਨਾਂ ’ਚ ਨਿਵੇਸ਼ਕਾਂ ਦੀ ਜਾਇਦਾਦ ’ਚ 5,73,576.83 ਕਰੋੜ ਰੁਪਏ ਦੀ ਗਿਰਾਵਟ ਆਈ ਹੈ।

(For more Punjabi news apart from Share Market Crash News, stay tuned to Rozana Spokesman)