ਅਜਿਹਾ ਹੋਇਆ ਤਾਂ 10 ਰੁਪਏ ਤੱਕ ਸਸਤਾ ਹੋ ਸਕਦਾ ਹੈ ਪਟਰੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਖ਼ਬਰਾਂ ਮੁਤਾਬਕ ਸਰਕਾਰ ਪਟਰੌਲ ਵਿਚ ਮੇਥੇਨਾਲ ਮਿਲਾ ਕੇ ਪਟਰੌਲ ਦੀਆਂ ਕੀਮਤਾਂ ਘਟਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।

Petrol price

ਨਵੀਂ ਦਿੱਲੀ, ( ਭਾਸ਼ਾ) : ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਨਾਲ ਪਟਰੌਲ ਦੀਆਂ ਕੀਮਤਾਂ ਵਿਚ ਪਿਛਲੇ ਦੋ ਮਹੀਨਿਆਂ ਵਿਚ 10 ਰੁਪਏ ਤੋਂ ਵੱਧ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। ਪਰ ਮੋਦੀ ਸਰਕਾਰ ਇਕ ਵੱਡੇ ਪ੍ਰੌਜੈਕਟ 'ਤੇ ਕੰਮ ਕਰ ਰਹੀ ਹੈ। ਜੇਕਰ ਇਹ ਪ੍ਰਯੋਗ ਕਾਮਯਾਬ ਰਹਿੰਦਾ ਹੈ ਤਾਂ ਪਟਰੌਲ 10 ਰੁਪਏ ਪ੍ਰਤੀ ਲੀਟਰ ਤੱਕ ਸਸਤਾ ਹੋ ਸਕਦਾ ਹੈ। ਖ਼ਬਰਾਂ ਮੁਤਾਬਕ ਸਰਕਾਰ ਪਟਰੌਲ ਵਿਚ ਮੇਥੇਨਾਲ ਮਿਲਾ ਕੇ ਪਟਰੌਲ ਦੀਆਂ ਕੀਮਤਾਂ ਘਟਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਦੇ ਲਈ ਪੁਣੇ ਵਿਚ 15 ਫ਼ੀ ਸਦੀ ਮੇਥੇਨਾਲ ਮਿਲੇ ਹੋਏ ਪਟਰੌਲ ਨਾਲ ਗੱਡੀਆਂ ਵੀ ਚਲਾਈਆਂ ਜਾ ਰਹੀਆਂ ਹਨ।

ਜੇਕਰ ਇਹ ਪ੍ਰਯੋਗ ਕਾਮਯਾਬ ਰਹਿੰਦਾ ਹੈ ਤਾਂ ਦੇਸ਼ ਭਰ ਦੇ ਪਟਰੌਲ ਪੰਪਾਂ 'ਤੇ ਮੇਥੇਨਾਲ ਮਿਲਿਆ ਹੋਇਆ ਪਟਰੌਲ ਮਿਲੇਗਾ। ਇਸ ਪੂਰੀ ਕੋਸ਼ਿਸ਼ ਨਾਲ ਪਟਰੌਲ ਦੀਆਂ ਕੀਮਤਾਂ 10 ਰੁਪਏ ਤੱਕ ਘੱਟ ਹੋ ਸਕਦੀਆਂ ਹਨ, ਪਰ ਸੱਭ ਕੁਝ ਇਸ ਪ੍ਰਯੋਗ 'ਤੇ ਹੀ ਨਿਰਭਰ ਕਰਦਾ ਹੈ। ਸੂਤਰਾਂ ਮੁਤਾਬਕ ਨੀਤੀ ਆਯੋਗ ਦੀ ਨਿਗਰਾਨੀ ਵਿਚ ਸਰਕਾਰ 15 ਫ਼ੀ ਸਦੀ ਮੇਥੇਨਾਲ ਮਿਲਾ ਕੇ ਪਟਰੌਲ ਲਿਆਉਣ ਦੀ ਤਿਆਰੀ ਕਰ ਚੁੱਕੀ ਹੈ। ਨੀਤੀ ਆਯੋਗ ਦੀ ਨਿਗਰਾਨੀ ਵਿਚ ਹੀ ਇਸ ਦਾ ਪ੍ਰਯੋਗ ਪੁਣੇ ਵਿਖੇ ਚਲ ਰਿਹਾ ਹੈ। ਇਸ ਪ੍ਰਯੋਗ ਦੇ ਨਤੀਜੇ 2-3 ਮਹੀਨੇ ਵਿਚ ਆ ਜਾਣਗੇ।

ਦੱਸ ਦਈਏ ਕਿ ਇਸ ਵੇਲੇ ਪਟਰੌਲ ਵਿਚ ਇਥੇਨਾਲ ਮਿਲਾਇਆ ਜਾਂਦਾ ਹੈ ਪਰ ਮੇਥੇਨਾਲ ਦੇ ਮੁਕਾਬਲੇ ਇਥੇਨਾਲ ਬਹੁਤ ਮਹਿੰਗਾ ਹੁੰਦਾ ਹੈ। ਇਥੇਨਾਲ ਦੀ ਕੀਮਤ ਲਗਭਗ 40 ਰੁਪਏ ਪ੍ਰਤੀ ਲੀਟਰ ਹੈ, ਜਦਕਿ ਮੇਥੇਨਾਲ 20 ਰੁਪਏ ਪ੍ਰਤੀ ਲੀਟਰ ਵਿਚ ਆਉਂਦੀ ਹੈ। ਮੇਥੇਨਾਲ ਕੋਲੇ ਤੋਂ ਬਣਦਾ ਹੈ, ਉਥੇ ਹੀ ਇਥੇਨਾਲ ਗੰਨੇ ਤੋਂ ਬਣਾਇਆ ਜਾਂਦਾ ਹੈ। ਮੇਥੇਨਾਲ ਮਿਲੇ ਹੋਏ

ਪਟਰੌਲ ਨਾਲ ਗੱਡੀਆਂ ਦੇ ਕਾਮਯਾਬ ਟ੍ਰਾਇਲ ਤੋਂ ਬਾਅਦ ਇਸ ਨੂੰ ਦੇਸ਼ ਭਰ ਵਿਚ ਲਾਗੂ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਜਨਤਾ ਨੂੰ ਵੱਡੀ ਰਾਹਤ ਮਿਲ ਸਕੇਗੀ। ਮੋਦੀ ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਜਨਤਾ ਨੂੰ ਇਹ ਸੌਗ਼ਾਤ ਦੇ ਦਿਤੀ ਜਾਵੇ। ਕਿਉਂਕਿ ਪਟਰੌਲ ਦੀਆਂ ਕੀਮਤਾਂ ਦਾ ਘੱਟ ਹੋਣਾ ਆਮ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗਾ।