2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਨਾਲ ਵਧੇਗੀ ਵਿਕਾਸ ਦਰ: ਰੀਪੋਰਟ

ਏਜੰਸੀ

ਖ਼ਬਰਾਂ, ਵਪਾਰ

ਖਪਤ ਵਧਣ ਨਾਲ ਜੀ.ਡੀ.ਪੀ. ਨੂੰ ਮਿਲ ਸਕਦੈ ਹੁਲਾਰਾ, ਧਾਰਮਕ ਅਸਥਾਨਾਂ ’ਚ ਦਿਤੇ ਜਾਣ ਵਾਲੇ ਦਾਨ ਵੀ ਵਧਣਗੇ : ਐਸ.ਬੀ.ਆਈ.

representational Image


ਮੁੰਬਈ: ਰੀਜ਼ਰਵ ਬੈਂਕ ਵਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫੈਸਲਾ ਚਾਲੂ ਵਿਤ ਵਰ੍ਹੇ ’ਚ ਖਪਤ ਨੂੰ ਵਧਾ ਕੇ ਆਰਥਕ ਵਿਕਾਸ ਦਰ ਨੂੰ 6.5 ਫ਼ੀ ਸਦੀ ਤੋਂ ਵੀ ਅੱਗੇ ਲੈ ਜਾਣ ’ਚ ਮਦਦਗਾਰ ਸਾਬਤ ਹੋ ਸਕਦਾ ਹੈ।

 ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦੇ ਅਰਥਸ਼ਾਸਤਰੀਆਂ ਨੇ ਇਕ ਰੀਪੋਰਟ ’ਚ ਕਿਹਾ ਕਿ ਵਿੱਤ ਵਰ੍ਹੇ 2023-24 ਦੀ ਪਹਿਲੀ ਤਿਮਾਹੀ ਲਈ ਅਸਲ ਜੀ.ਡੀ.ਪੀ. ਵਿਕਾਸ ਦਲ 8.1 ਫ਼ੀ ਸਦੀ ਹੋ ਜਾਵੇਗੀ ਅਤੇ ਸਮੁੱਚੇ ਸਾਲ ਲਈ 6.5 ਫ਼ੀ ਸਦੀ ਵਾਧੇ ਦਾ ਆਰ.ਬੀ.ਆਈ. ਦਾ ਅੰਦਾਜ਼ਾ ਵੀ ਪਿੱਛੇ ਰਹਿ ਸਕਦਾ ਹੈ।

ਆਰ.ਬੀ.ਆਈ. ਨੇ ਜੂਨ ਮਹੀਨੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ 2000 ਰੁਪਏ ਦੇ ਅੱਧੇ ਤੋਂ ਵੱਧ ਨੋਟ ਵਾਪਸ ਆ ਚੁਕੇ ਹਨ। ਇਨ੍ਹਾਂ ’ਚੋਂ 85 ਫ਼ੀ ਸਦੀ ਨੋਟ ਬੈਂਕਾਂ ’ਚ ਜਮ੍ਹਾਂ ਦੇ ਰੂਪ ’ਚ ਆਏ ਸਨ, ਜਦਕਿ 15 ਫ਼ੀ ਸਦੀ ਨੋਟ ਬੈਂਕ ਕਾਊਂਟਰਾਂ ’ਤੇ ਹੋਰ ਮੁੱਲ ਦੇ ਨੋਟਾਂ ਨਾਲ ਬਦਲੇ ਗਏ ਸਨ।

ਇਹ ਵੀ ਪੜ੍ਹੋ: ਵਿਧਾਇਕਾ ਮਾਣੂਕੇ ਦੇ ਕੋਠੀ ਵਿਵਾਦ ਮਾਮਲੇ 'ਚ ਨਵਾਂ ਮੋੜ, ਕਰਮ ਸਿੰਘ ਦੀ ਪਾਵਰ ਆਫ਼ ਅਟਾਰਨੀ ਨਿਕਲੀ ਜਾਅਲੀ

ਐਸ.ਬੀ.ਆਈ. ਨੇ ਅਪਣੀ ਰੀਪੋਰਟ ’ਚ ਕਿਹਾ, ‘‘2000 ਰੁਪਏ ਦੇ ਨੋਟ ਦੇ ਰੂਪ ’ਚ ਕੁਲ 3.08 ਲੱਖ ਕਰੋੜ ਰੁਪਏ ਪ੍ਰਣਾਲੀ ’ਚ ਜਮ੍ਹਾਂ ਦੇ ਰੂਪ ’ਚ ਪਰਤਣਗੇ। ਇਨ੍ਹਾਂ ’ਚੋਂ ਲਗਭਗ 92 ਹਜ਼ਾਰ ਕਰੋੜ ਰੁਪਏ ਬਚਤ ਖਾਤਿਆਂ ’ਚ ਜਮ੍ਹਾਂ ਕੀਤੇ ਜਾਣਗੇ, ਜਿਸ ਦਾ 60 ਫ਼ੀ ਸਦੀ ਯਾਨੀ ਕਿ ਲਗਭਗ 55 ਹਜ਼ਾਰ ਕਰੋੜ ਰੁਪਏ ਨਿਕਾਸੀ ਤੋਂ ਬਾਅਦ ਲੋਕਾਂ ਕੋਲ ਖ਼ਰਚ ਲਈ ਪਹੁੰਚ ਜਾਣਗੇ।’’

ਐਸ.ਬੀ.ਆਈ. ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਨੋਟ ਵਾਪਸ ਲੈਣ ਦੇ ਆਰ.ਬੀ.ਆਈ. ਦੇ ਕਦਮ ਨਾਲ ਮੰਦਰਾਂ ਅਤੇ ਹੋਰ ਧਾਰਮਕ ਅਸਥਾਨਾਂ ਨੂੰ ਮਿਲਣ ਵਾਲੇ ਦਾਨ ’ਚ ਵੀ ਵਾਧਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਟਿਕਾਊ ਖਪਤਕਾਰ ਵਸਤਾਂ ਅਤੇ ਬੁਟੀਕ ਫ਼ਰਨੀਚਰ ਦੀ ਖ਼ਰੀਦ ਨੂੰ ਵੀ ਹੱਲਾਸ਼ੇਰੀ ਮਿਲੇਗੀ।