ਵੋਲੋਦੀਮੀਰ ਜ਼ੇਲੇਂਸਕੀ ਦਾ ਨੈਸਲੇ ’ਤੇ ਹਮਲਾ, ਕਿਹਾ- ਰੂਸ ਨਾਲ ਵਪਾਰ ਬੰਦ ਹੋਣਾ ਚਾਹੀਦਾ ਹੈ

ਏਜੰਸੀ

ਖ਼ਬਰਾਂ, ਵਪਾਰ

ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸਵਿਟਜ਼ਰਲੈਂਡ ਵਿਚ ਵੀਡੀਓ ਲਿੰਕ ਜ਼ਰੀਏ ਇਕ ਭਾਸ਼ਣ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਕੁਝ ਕੰਪਨੀਆਂ ਦੀ ਆਲੋਚਨਾ ਕੀਤੀ ਹੈ।

Volodymyr Zelenskyy


ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸਵਿਟਜ਼ਰਲੈਂਡ ਵਿਚ ਵੀਡੀਓ ਲਿੰਕ ਜ਼ਰੀਏ ਇਕ ਭਾਸ਼ਣ ਦਿੱਤਾ ਹੈ ਜਿਸ ਵਿਚ ਉਹਨਾਂ ਨੇ ਕੁਝ ਕੰਪਨੀਆਂ ਦੀ ਆਲੋਚਨਾ ਕੀਤੀ ਹੈ। ਸਵਿਟਜ਼ਰਲੈਂਡ ਦੀ ਸੰਸਦ ਦੇ ਸਾਹਮਣੇ ਵੀਡੀਓ ਜ਼ਰੀਏ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ, ਜ਼ੇਲੇਂਸਕੀ ਨੇ ਕਿਹਾ ਕਿ ਕੁਝ ਕੰਪਨੀਆਂ ਨੇ ਰੂਸ ਨਾਲ ਵਪਾਰਕ ਸਬੰਧ ਜਾਰੀ ਰੱਖੇ ਹਨ। ਉਹਨਾਂ ਨੇ ਖਾਸ ਤੌਰ 'ਤੇ ਨੇਸਲੇ ਨੂੰ ਨਿਸ਼ਾਨਾ ਬਣਾਇਆ।

Volodymyr Zelenskyy

ਇਸ ਦੇ ਜਵਾਬ 'ਚ ਨੈਸਲੇ ਨੇ ਕਿਹਾ ਹੈ ਕਿ ਉਸ ਨੇ ਰੂਸ 'ਚ ਆਪਣੇ ਕਾਰੋਬਾਰ ਨੂੰ ਕਾਫੀ ਘਟਾ ਦਿੱਤਾ ਹੈ ਪਰ ਇਹ ਫੈਸਲਾ ਕੀਤਾ ਹੈ ਕਿ ਉਹ ਰੂਸੀ ਲੋਕਾਂ ਨੂੰ ਜ਼ਰੂਰੀ ਖਾਣ-ਪੀਣ ਵਾਲੇ ਸਮਾਨ ਦੀ ਸਪਲਾਈ ਜਾਰੀ ਰੱਖੇਗੀ ਅਤੇ ਉੱਥੇ ਆਪਣੇ ਕਰਮਚਾਰੀਆਂ ਦੀ ਮਦਦ ਕਰਦੀ ਰਹੇਗੀ।

Nestle Company

ਹਾਲਾਂਕਿ ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੂੰ ਰੂਸ ਵਿਚ ਆਪਣੇ ਮੌਜੂਦਾ ਕੰਮ ਤੋਂ ਕੋਈ ਲਾਭ ਨਹੀਂ ਮਿਲ ਰਿਹਾ ਹੈ, ਉਹ ਦੇਸ਼ ਵਿਚ ਹੋਰ ਨਿਵੇਸ਼ ਨਹੀਂ ਕਰ ਰਹੀ ਹੈ ਅਤੇ ਨਾ ਹੀ ਆਪਣੇ ਉਤਪਾਦਾਂ ਨੂੰ ਵੇਚਣ ਲਈ ਉਤਸ਼ਾਹਿਤ ਕਰ ਰਹੀ ਹੈ। ਰਾਸ਼ਟਰਪਤੀ ਜ਼ੇਲੇਂਨਕੀ ਨੇ ਸਵਿਸ ਬੈਂਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਕੋਲ ਜਮ੍ਹਾਂ ਰੂਸੀ ਰਈਸਾਂ ਦਾ ਪੈਸਾ ਫ੍ਰੀਜ਼ ਕਰ ਦੇਣ। ਉਹਨਾਂ ਦਾਅਵਾ ਕੀਤਾ ਕਿ ਯੂਕਰੇਨ ਖ਼ਿਲਾਫ਼ ਜੰਗ ਛੇੜਨ ਵਾਲਿਆਂ ਦਾ ਪੈਸਾ ਇਹਨਾਂ ਬੈਂਕਾਂ ਵਿਚ ਹੈ।

Nestle

ਸਵਿਟਜ਼ਰਲੈਂਡ ਵਿਚ ਹੋਈ ਇਸ ਰੈਲੀ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ। ਦੇਸ਼ ਦੇ ਰਾਸ਼ਟਰਪਤੀ ਇਗਨਾਜੀਓ ਕੈਸਿਸ ਵੀ ਬੈਨਰ ਲੈ ਕੇ ਸਟੇਜ 'ਤੇ ਖੜ੍ਹੇ ਨਜ਼ਰ ਆਏ। ਇਸ 'ਤੇ ਲਿਖਿਆ ਸੀ-'ਅਸੀਂ ਯੂਕਰੇਨ ਦੇ ਨਾਲ ਹਾਂ, ਜੰਗ ਤੁਰੰਤ ਬੰਦ ਹੋਣੀ ਚਾਹੀਦੀ ਹੈ।'