ਐਗਜ਼ਿਟ ਪੋਲ ਹੋਣ ਮਗਰੋਂ ਸ਼ੇਅਰ ਬਾਜ਼ਾਰ ’ਚ ਫੈਲੀ ਰੌਣਕ ਹੀ ਰੌਣਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਾਣੋ ਅੰਕੜਿਆਂ ਦੇ ਆਧਾਰ ’ਤੇ ਸ਼ੇਅਰ ਬਾਜ਼ਾਰ ਦੀ ਸਥਿਤੀ

Share Market

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ ਦੇ ਕੱਲ੍ਹ ਖ਼ਤਮ ਹੁੰਦਿਆਂ ਹੀ ਵੱਖੋ-ਵੱਖਰੇ ਮੀਡੀਆ ਅਦਾਰਿਆਂ ਵਲੋਂ ਅਪਣੇ ਚੋਣ ਸਰਵੇਖਣ ਯਾਨੀ ਕਿ ਐਗਜ਼ਿਟ ਪੋਲ ਜਾਰੀ ਕਰ ਦਿਤੇ ਗਏ। ਇਨ੍ਹਾਂ ਸਾਰੇ ਐਗਜ਼ਿਟ ਪੋਲ ਵਿਚ ਇਹ ਸਾਫ਼ ਸੀ ਕਿ ਹੁਣ ਦੀ ਸੱਤਾਧਾਰੀ ਪਾਰਟੀ ਭਾਜਪਾ ਦੀ ਅਗਵਾਈ ਵਾਲਾ ਐਨਡੀਏ ਗੱਠਜੋੜ ਭਾਰੀ ਬਹੁਮਤ ਨਾਲ ਵਾਪਿਸ ਆ ਰਿਹਾ ਹੈ। ਇਸ ਖ਼ਬਰ ਦਾ ਅਸਰ ਅੱਜ ਸ਼ੇਅਰ ਬਾਜ਼ਾਰ ’ਤੇ ਸਾਫ਼ ਦਿਖਿਆ। ਸ਼ੇਅਰ ਬਾਜ਼ਾਰ ਵਿਚ 3,18,000 ਕਰੋੜ ਰੁਪਏ ਦਾ ਇਜ਼ਾਫ਼ਾ ਨਿਵੇਸ਼ਕਾਂ ਨੂੰ ਬਾਜ਼ਾਰ ਖੁੱਲ੍ਹਦਿਆਂ ਹੀ ਹੋਇਆ।

ਦਿਨ ਦਾ ਵਪਾਰ ਸ਼ੁਰੂ ਹੋਣ ਦੇ ਇਕ ਮਿੰਟ ਦੇ ਵਿਚ-ਵਿਚ ਸਾਰੀਆਂ ਬੀਐਸਈ ਕੰਪਨੀਆਂ ਦੇ ਮਾਰਕਿਟ ਪੂੰਜੀ 3.18 ਲੱਖ ਕਰੋੜ ਤੋਂ ਵੱਧ ਕੇ 1,49,76,896 ਕਰੋੜ ਪਹੁੰਚ ਗਈ ਜੋ ਕਿ ਸ਼ੁੱਕਰਵਾਰ ਨੂੰ ਬੁਲੰਦੀਆਂ ’ਤੇ ਬੰਦ ਹੋਏ ਸ਼ੇਅਰ ਬਾਜ਼ਾਰ ਦੀ 1,46,58,710 ਕਰੋੜ ਦੀ ਪੂੰਜੀ ਤੋਂ ਵੀ ਵੱਧ ਕੇ ਹੈ। ਇਸ ਨਾਲ ਘਰੇਲੂ ਸਟਾਕ ਦੀ ਕੀਮਤ 5.39 ਲੱਖ ਕਰੋੜ ਵੱਧ ਗਈ ਹੈ। 

ਟਾਈਮਜ਼ ਨਾਓ ਵੀਐਮਆਰ ਦੇ ਸਰਵੇਖਣ ਮੁਤਾਬਕ ਐਨਡੀਏ ਦੀਆਂ ਕੁੱਲ ਸੀਟਾਂ 306 ਆਂਕੀਆਂ ਹਨ। ਜੋ ਕਿ ਬਹੁਮਤ ਲਈ ਚਾਹੀਦੇ 272 ਦੇ ਅੰਕੜੇ ਤੋਂ ਕਿਤੇ ਵੱਧ ਕੇ ਹੈ। ਰਿਪਬਲਿਕ ਸੀ-ਵੋਟਰ ਦਾ ਸਰਵੇਖਣ ਐਨਡੀਏ ਨੂੰ 287 ਸੀਟਾਂ ਦਿੰਦਾ ਹੈ ਜਦਕਿ ਨਿਊਜ਼ ਨੇਸ਼ਨ ਦਾ ਸਰਵੇਖਣ ਐਨਡੀਏ ਨੂੰ 223 ਤੋਂ 290 ਸੀਟਾਂ ਦੇ ਵਿਚਕਾਰ ਰੱਖਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਵਿਚ ਹੋਰ ਮੁਨਾਫ਼ਾ ਹੋਣ ਦੇ ਆਸਾਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਐਗਜ਼ਿਟ ਪੋਲਸ ਉਮੀਦਾਂ ਤੋਂ ਵੀ ਵੱਧ ਅੰਕੜੇ ਭਾਜਪਾ ਨੂੰ ਦਿਖਾ ਰਹੇ ਹਨ, ਜਿਸ ਕਰਕੇ ਬਾਜ਼ਾਰ ਆਉਂਦੇ ਦਿਨਾਂ ਵਿਚ 2-3 ਫ਼ੀ ਸਦੀ ਹੋਰ ਉੱਪਰ ਜਾਣਗੇ। ਸਵੇਰ ਦੇ 9:20 ਤੱਕ ਬੈਂਚਮਾਰਕ ਸੈਂਸਕਸ ਨੇ 38,892.89 ਰੁਪਏ ਦੀ ਉਚਾਈ ਨੂੰ ਛੂਹ ਲਿਆ ਸੀ ਜੋ ਕਿ 962 ਪੁਆਇੰਟ ਯਾਨੀ ਕਿ 2.53 ਫ਼ੀ ਸਦੀ ਉੱਪਰ ਹੈ। ਨਿਫ਼ਟੀ50 ਵੀ 287 ਪੁਆਇੰਟ ਯਾਨੀ ਕਿ 2.51 ਫ਼ੀ ਸਦੀ ਉੱਪਰ ਉੱਠ ਕੇ 11,648.70 ਰੁਪਏ ਤੱਕ ਪਹੁੰਚ ਗਿਆ।

ਸੈਂਸਕਸ ਸਟਾਕ ਵਿਚ ਭਾਰਤੀ ਸਟੇਟ ਬੈਂਕ 4.99 ਫ਼ੀ ਸਦੀ ਉੱਠ ਕੇ 334.85 ਰੁਪਏ ਪਹੁੰਚ ਗਿਆ। ਇਸੇ ਤਰ੍ਹਾਂ ਆਈਸੀਆਈਸੀਆਈ ਬੈਂਕ ਨੇ 4.36 ਫ਼ੀ ਸਦੀ, ਲਾਰਸਨ ਐਂਡ ਟੂਬਰੋ ਨੇ 4.27 ਫ਼ੀ ਸਦੀ, ਯੈੱਸ ਬੈਂਕ ਨੇ 3.98 ਫ਼ੀ ਸਦੀ ਅਤੇ ਰਿਲਾਇੰਸ ਇੰਡਸਟਰੀ ਨੇ 3.85 ਫ਼ੀ ਸਦੀ ਦਾ ਮੁਨਾਫ਼ਾ ਲਿਆ।

ਬਾਜ਼ਾਰ ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਐਗਜ਼ਿਟ ਪੋਲਸ ਨੇ ਐਨਡੀਏ ਨੂੰ ਲੋਕ ਸਭਾ ਚੋਣਾਂ 2019 ਦਾ ਜੇਤੂ ਭਾਰੀ ਬਹੁਮਤ ਨਾਲ ਦਿਖਾਇਆ ਹੈ। ਜੇ ਨਤੀਜਿਆਂ ਵਿਚ ਕੇਵਲ ਭਾਰਤੀ ਜਨਤਾ ਪਾਰਟੀ ਦੀ ਅਪਣੀ ਬਹੁਮਤ ਆ ਜਾਂਦੀ ਹੈ ਤਾਂ ਸ਼ੇਅਰ ਬਾਜ਼ਾਰ ਲਈ ਇਹ ਹੋਰ ਵੀ ਵਧੀਆ ਗੱਲ ਹੋਵੇਗੀ। ਰੁਪਏ ਦੀ ਕੀਮਤ ਵੀ ਡਾਲਰ ਦੇ ਮੁਕਾਬਲੇ ਪਿਛਲੇ 2 ਹਫ਼ਤਿਆਂ ਵਿਚ ਵੱਧ ਕੇ 69.39 ਹੋ ਗਈ।

ਮਾਹਿਰਾਂ ਦਾ ਮੰਨਣਾ ਹੈ ਕਿ 23 ਮਈ ਦੇ ਦਿਨ ਤੱਕ ਨਿਫ਼ਟੀ 11,700 ਨੂੰ ਛੂਹ ਸਕਦਾ ਹੈ ਪਰ ਅਜਿਹਾ ਉਛਾਲ ਨਤੀਜਿਆਂ ਤੋਂ ਬਾਅਦ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।