ਸਰਕਾਰੀ ਬੈਂਕਾਂ ਦੇ ਗਾਹਕਾਂ ਨੂੰ ਹੁਣ ਘਰ ਬੈਠਿਆਂ ਮਿਲੇਗੀ ਬੈਂਕਿੰਗ ਦੀ ਸਹੂਲਤ

ਸਪੋਕਸਮੈਨ ਸਮਾਚਾਰ ਸੇਵਾ  | ਪ੍ਰਮੋਦ ਕੌਸ਼ਲ

ਖ਼ਬਰਾਂ, ਵਪਾਰ

ਦੇਸ਼ ਦੇ 12 ਵੱਡੇ ਬੈਂਕਾਂ ਦੀ ਪਹਿਲਕਦਮੀ

Customers of government banks will now get banking facility from home

ਲੁਧਿਆਣਾ : ਦੇਸ਼ ਦੇ 12 ਵੱਡੇ ਸਰਕਾਰੀ ਬੈਂਕਾਂ ਨੇ ਰਲ ਕੇ ਗ੍ਰਾਹਕਾਂ ਨੂੰ ਘਰ ਬੈਠਿਆਂ ਸਹੂਲਤਾਂ ਦੇਣ ਦੀ ਪਹਿਲਕਦਮੀ ਕੀਤੀ ਹੈ। ਹਾਲਾਂਕਿ ਭਾਵੇਂ ਹੀ ਕੋਰੋਨਾ ਦੀ ਸ਼ੁਰੂਆਤ ਤੋਂ ਹੀ ਸਰਕਾਰੀ ਬੈਂਕ ਅਜਿਹੀਆਂ ਸਹੂਲਤਾਂ ਦੇ ਰਹੇ ਹਨ ਹਨ ਜਿਹੜੀਆਂ ਘਰ ’ਚ ਹੀ ਮਿਲਦੀਆਂ ਹਨ ਪਰ ਹੁਣ ਜੇਕਰ ਤੁਸੀਂ ਡਿਜੀਟਲ ਸੇਵਾ ਦੇ ਆਦੀ ਹੋ ਜਾਂ ਨਹੀਂ, ਤਾਂ ਵੀ, ਦੋਵਾਂ ਹਾਲਾਤਾਂ ’ਚ ਇਸ ਨੂੰ ਵਧੀਆ ਮੰਨਿਆ ਜਾ ਰਿਹਾ ਹੈ।

ਇਹ ਸਹੂਲਤ ਸੂਬਿਆਂ ਦੇ 100 ਵੱਡੇ ਕੇਂਦਰਾਂ ’ਤੇ ਉਪਲਬਧ ਹੈ ਜਿਸ ਲਈ ਵੈੱਬਸਾਈਟ ’ਤੇ ਲਾਗਇਨ ਕਰ ਕੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਵੈਬਸਾਈਟ ਮੁਤਾਬਕ ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਐਸ.ਏ.ਐਸ ਨਗਰ ਵਿੱਚ ਇਹ ਸਹੂਲਤ ਉਪਲਬਧ ਦੱਸੀ ਜਾ ਰਹੀ ਹੈ। ਦਰਅਸਲ ਸਾਰੇ ਵੱਡੇ ਬੈਂਕਾਂ ਨੇ ਮਿਲ ਕੇ ਪੀਐਸਬੀ ਅਲਾਇੰਸ ਨਾਮ ਨਾਲ ਗ੍ਰਾਹਕਾਂ ਨੂੰ ਸਹੂਲਤ ਦੇਣ ਦੀ ਇਹ ਪਹਿਲ ਸ਼ੁਰੂ ਕੀਤੀ ਹੈ। 

ਇਸ ਵਿਚ ਵਿੱਤੀ ਅਤੇ ਗੈਰ ਵਿੱਤੀ, ਦੋਵੇਂ ਸਹੂਲਤਾਂ ਸ਼ਾਮਲ ਹਨ। ਜੇਕਰ ਤੁਸੀਂ ਚਾਹੋ ਤਾਂ ਡੀਐਸਬੀ ਐਪ ਜਾਂ ਇਸ ਦੀ ਵੈਬਸਾਈਟ ’ਤੇ ਜਾ ਕੇ ਜਾਂ ਫਿਰ ਟੋਲ ਫ੍ਰੀ ਨੰਬਰ ’ਤੇ ਫ਼ੋਨ ਕਰ ਕੇ ਨਕਦੀ ਕਢਵਾਉਣ ਦੀ ਸਹੂਲਤ ਵੀ ਲੈ ਸਕਦੇ ਹੋ। ਪਰ ਗਾਹਕ ਦਾ ਬੈਂਕ ਖਾਤਾ ਨੰਬਰ ਆਧਾਰ ਨਾਲ ਲਿੰਕ ਹੋਣਾ ਜ਼ਰੂਰੀ ਹੈ। ਇਸ ਦੇ ਲਈ ਮਾਈਕ੍ਰੋ ਏਟੀਐਮ ਦੀ ਸਹੂਲਤ ਇੱਕ ਏਜੰਟ ਰਾਹੀਂ ਦਿੱਤੀ ਜਾਂਦੀ ਹੈ। ਇਸ ਵਿੱਚ ਜ਼ਿਆਦਾਤਰ 10 ਹਜ਼ਾਰ ਰੁਪਏ ਅਤੇ ਘੱਟੋ ਘੱਟ 1 ਹਜ਼ਾਰ ਰੁਪਏ ਕਢਵਾਏ ਜਾ ਸਕਦੇ ਹਨ। ਇਸੇ ਤਰ੍ਹਾਂ ਨਵੀਂ ਚੈਕ ਬੁੱਕ, ਚੈਕ ਜਮਾਂ ਕਰਨ, ਖਾਤੇ ਦੀ ਸਟੇਟਮੈਂਟ ਆਦਿ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। 

ਹਾਲਾਕਿ ਇਨ੍ਹਾਂ ਸਾਰੀਆਂ ਸਹੂਲਤਾਂ ਲਈ ਚਾਰਜਿਸ ਵੀ ਦੇਣੇ ਹੋਣਗੇ। ਇਹ ਖਰਚ ਤੁਹਾਡੀ ਬੈਂਕ ਬ੍ਰਾਂਚ ਤੁਹਾਡੇ ਘਰ ਤੋਂ ਕਿੰਨੀਂ ਦੂਰ ਹੈ, ਉਸੇ ਮੁਤਾਬਕ ਤੈਅ ਹੁੰਦੇ ਹਨ। ਮਸਲਨ 5 ਕਿਲੋਮੀਟਰ ਦੂਰ ਤੱਕ ਲਈ 25 ਰੁਪਏ ਤੱਕ ਦਾ ਚਾਰਜ ਲੱਗਦਾ ਹੈ। ਜੇਕਰ 3 ਵਜੇ ਤੋਂ ਪਹਿਲਾਂ ਕਿਸੇ ਵੀ ਸਹੂਲਤ ਦੀ ਮੰਗ ਕੀਤੀ ਜਾਂਦੀ ਹੈ ਤਾਂ ੳੇੁਸੇ ਦਿਨ, ਤੇ ਜੇਕਰ ਇਸ ਤੋਂ ਬਾਅਦ ਕਰਦੇ ਹੋ ਤਾਂ ਅਗਲੇ ਦਿਨ ਮੰਗੀ ਗਈ ਸਹੂਲਤ ਮਿਲੇਗੀ।