ਬੈਂਕ ਕਰਮਚਾਰੀਆਂ ਦੀਆਂ ਅੱਖਾਂ ’ਚ ਮਿਰਚਾਂ ਪਾ ਕੇ ਦਿਨ ਦਿਹਾੜੇ ਲੁੱਟੇ 45 ਲੱਖ ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕ ਸੈਦੋ ਕੇ ਨੇੜੇ ਕੋਟਕ ਮਹਿੰਦਰਾ ਬੈਂਕ ਦੇ ਕਰਮਚਾਰੀਆਂ ਕੋਲੋ ਲੁਟੇਰਿਆਂ ਨੇ ਦਿਨ ਦਿਹਾੜੇ 45 ਲੱਖ ਰੁਪਏ ਲੁੱਟੇ।

Photo

ਜਲਾਲਾਬਾਦ ( ਅਰਵਿੰਦਰ ਤਨੇਜਾ):  ਜਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕ ਸੈਦੋ ਕੇ ਨੇੜੇ ਕੋਟਕ ਮਹਿੰਦਰਾ ਬੈਂਕ ਦੇ ਕਰਮਚਾਰੀਆਂ ਕੋਲੋ ਲੁਟੇਰਿਆਂ ਨੇ ਦਿਨ ਦਿਹਾੜੇ 45 ਲੱਖ ਰੁਪਏ ਲੁੱਟੇ। ਇਸ ਦੌਰਾਨ ਲੁਟੇਰਿਆਂ ਨੇ ਬੈਂਕ ਕਰਮਚਾਰੀਆਂ ਦੀ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਪੈਸੇ ਲੈ ਕੇ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਬੈਂਕ ਮੁਲਾਜ਼ਮ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ 45 ਲੱਖ ਰੁਪਏ ਕੈਸ਼ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਲਾਲਾਬਾਦ ਜਾ ਰਹੇ ਸੀ।

ਇਸ ਦੌਰਾਨ ਰਾਸਤੇ ਵਿਚ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਚੱਕ ਸੈਦੋ ਕੇ ਨੇੜੇ  ਮੋਟਰਸਾਇਕਲ ਸਵਾਰਾਂ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਗੱਡੀ ’ਤੇ ਫਾਇਰ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਗੱਡੀ ਨੂੰ ਰੋਕਿਆ, ਜਦੋਂ ਬੈਂਕ ਕਰਮਚਾਰੀਆਂ ਨੇ ਗੱਡੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਨੌਜਵਾਨਾਂ ਨੇ ਉਹਨਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਪੈਸੇ ਲੈ ਕੇ ਫਰਾਰ ਹੋ ਗਏ।

ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਦੋ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਸਨ। ਇਹਨਾਂ ਵਿਚੋਂ ਇਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਸਰੇ ਨੇ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਇਸ ਦੌਰਾਨ ਨੌਜਵਾਨ ਬੈਂਕ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਲੈ ਗਏ। ਇਸ ਸੰਬੰਧ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ।

ਥਾਣਾ ਅਮੀਰ ਖਾਸ ਦੇ ਮੁਖੀ ਅਤੇ ਡੀਐੱਸਪੀ ਜਲਾਲਾਬਾਦ ਨੇ ਉਕਤ ਘਟਨਾ ਦੀ ਬਰੀਕੀ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਵੱਖ ਵੱਖ ਥਾਣਿਆਂ ਵਿਚ ਇਤਲਾਹ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਸਤੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਗਈ ਹੈ।