ਡਾਲਰ ਮੁਕਾਬਲੇ 16 ਪੈਸੇ ਡਿਗਿਆ ਰੁਪਇਆ
ਪਿਛਲੇ ਲੰਮੇ ਸਮੇਂ ਤੋਂ ਰੁਪਇਆ ਤੇ ਡਾਲਰ ਅੱਖ ਮਿਚੋਲੀ ਖੇਡਦੇ ਆ ਰਹੇ ਹਨ। ਕਦੇ ਡਾਲਰ ਬਾਜ਼ੀ ਮਾਰ ਜਾਂਦਾ ਹੈ ਤੇ ਕਦੇ ਰੁਪਇਆ ਛਾਲ ਮਾਰ ਕੇ ਉਪਰ ਆ ...
ਵਿਦੇਸ਼ੀ ਨਿਵੇਸ਼ਕਾਂ ਤੋਂ ਆਯਾਤਕਾਂ ਦੀ ਡਾਲਰ ਮੰਗ ਵਧਣ ਕਾਰਨ ਅੱਜ ਅੰਤਰ ਰਾਸ਼ਟਰੀ ਬੈਂਕਿੰਗ ਮੁਦਰਾ ਬਾਜ਼ਾਰ ਵਿਚ ਰੁਪਿਆ ਸ਼ੁਰੂਆਤੀ ਕੰਮ-ਕਾਜ ਵਿਚ 16 ਪੈਸੇ ਲੁੜਕ ਕੇ 68.24 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਕਾਰੋਬਾਰੀਆਂ ਨੇ ਦਸਿਆ ਕਿ ਵਿਦੇਸ਼ੀ ਬਾਜ਼ਾਰਾਂ ਵਿਚ ਹੋਰ ਪ੍ਰਮੁੱਖ ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਕਰੀਬ 11 ਮਹੀਨੇ ਦੇ ਉੱਚਤਮ ਪੱਧਰ 'ਤੇ ਹੈ ਅਤੇ ਰੁਪਏ ਉਪਰ ਇਸ ਦਾ ਵੀ ਦਬਾਅ ਅਜੇ ਵੀ ਬਰਕਰਾਰ ਹੈ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰਾਂ ਦੇ ਮਜ਼ਬੂਤੀ ਨਾਲ ਖੁਲ੍ਹਣ ਕਾਰਨ ਰੁਪਏ ਨੂੰ ਕੁੱਝ ਸਮਰਥਨ ਮਿਲਿਆ ਹੈ।
ਸ਼ੇਅਰ ਬਾਜ਼ਾਰਾਂ ਦੇ ਸ਼ੁਰੂਆਤੀ ਅੰਕੜਿਆਂ ਅਨੁਸਾਰ ਵਿਦੇਸ਼ੀ ਨਿਵੇਸ਼ਕਾਂ ਨੇ ਕੱਲ 2,442.61 ਕਰੋੜ ਰੁਪਏ ਦੀ ਸ਼ੁੱਧ ਬਿਕਵਾਲੀ ਕੀਤੀ ਸੀ।ਪਿਛਲੇ ਕਾਰੋਬਾਰੀ ਦਿਨ ਰੁਪਿਆ 30 ਪੈਸੇ ਮਜ਼ਬੂਤ ਹੋ ਕੇ 68.08 ਰੁਪਏ ਪ੍ਰਤੀ ਡਾਲਰ ਉੱਤੇ ਪਹੁੰਚ ਗਿਆ ਸੀ। ਇਸ ਵਿਚ ਸੰਸੈਕਸ ਸ਼ੁਰੂਆਤੀ ਕੰਮ-ਕਾਜ ਵਿਚ 123.06 ਅੰਕ ਯਾਨੀ 0.35 ਫ਼ੀ ਸਦੀ ਮਜ਼ਬੂਤ ਹੋ ਕੇ 35,670.39 ਅੰਕ ਉੱਤੇ ਪਹੁੰਚ ਗਿਆ ।ਜ਼ਿਕਰਯੋਗ ਹੈ ਕਿ ਰੁਪਏ ਦੀ ਇਸ ਡਾਵਾਂਡੋਲ ਸਥਿਤੀ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲਦਾ ਹੈ
ਕਿਉਂਕਿ ਜਿਵੇਂ ਹੀ ਅੰਤਰ ਰਾਸਟਰੀ ਬਾਜ਼ਾਰ ਵਿਚ ਰੁਪਏ ਦੀ ਕੀਮਤ ਘਟਦੀ ਹੈ ਉਵੇਂ ਹੀ ਸ਼ੇਅਰ ਬਾਜ਼ਾਰ ਵੀ ਡਿੱਕ ਡੋਲੇ ਖਾਣ ਲੱਗ ਜਾਂਦਾ ਹੈ। ਭਾਵੇਂ ਮੋਦੀ ਸਰਕਾਰ ਦੇਸ਼ ਦੀ ਅਰਥ ਵਿਵਸਥਾ ਬਿਹਤਰ ਹੋਣ ਦਾ ਦਾਅਵਾ ਕਰਦੀ ਹੈ ਪਰ ਰੁਪਏ ਦਾ ਅੰਤਰ ਰਾਸ਼ਟਰੀ ਬਾਜ਼ਾਰ 'ਚ ਲੁੜਕਣਾ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸ ਨਾਲ ਮਹਿੰਗਾਈ ਦਰ 'ਤੇ ਵੀ ਸਿੱਧਾ ਅਸਰ ਪੈਂਦਾ ਹੈ।