Facebook CEO ਦੀ ਜਾਇਦਾਦ 100 ਅਰਬ ਡਾਲਰ ਤੋਂ ਪਾਰ, ਬਣੇ ਦੁਨੀਆਂ ਦੇ ਤੀਜੇ ਸਭ ਤੋਂ ਅਮੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਫੇਸਬੁੱਕ ਸ਼ੇਅਰਾਂ ਵਿਚ ਉਛਾਲ ਨਾਲ ਜ਼ਕਰਬਰਗ ਦੀ ਜਾਇਦਾਦ ਵਿਚ ਭਾਰੀ ਇਜ਼ਾਫਾ

Mark Zuckerberg

ਵਾਸ਼ਿੰਗਟਨ: ਫੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਦੀ ਜਾਇਦਾਦ 100 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅਮਰੀਕੀ ਸ਼ੇਅਰ ਬਜ਼ਾਰ ਵਾਲ ਸਟਰੀਟ ਵਿਚ ਆਈ ਤੇਜ਼ੀ ਕਾਰਨ ਫੇਸਬੁੱਕ ਦੇ ਸ਼ੇਅਰਾਂ ਵਿਚ ਭਾਰੀ ਉਛਾਲ ਆਇਆ ਅਤੇ ਇਸ ਕਾਰਨ ਜ਼ਕਰਬਰਗ ਦੀ ਨੈੱਟਵਰਥ ਵਿਚ ਇਜ਼ਾਫਾ ਹੋਇਆ ਹੈ।

ਸੋਸ਼ਲ ਨੈੱਟਵਰਕਿੰਗ ਕੰਪਨੀ ਫੇਸਬੁੱਕ ਦੇ ਸ਼ੇਅਰ ਵੀਰਵਾਰ ਨੂੰ 2.4 ਫੀਸਦੀ ਵਧ ਗਏ। ਇਸ ਕਾਰਨ ਇਕ ਦਿਨ ਵਿਚ ਹੀ ਜ਼ਕਰਬਰਗ ਦੀ ਨੈੱਟਵਰਥ 2.3 ਅਰਬ ਡਾਲਰ ਵਧ ਗਈ। ਉਹਨਾਂ ਦੀ ਨੈੱਟਵਰਥ ਵਧ ਕੇ 102 ਅਰਬ ਡਾਲਰ ਤੱਕ ਪਹੁੰਚ ਗਈ।

ਦੁਨੀਆਂ ਦੇ ਤੀਜੇ ਅਮੀਰ ਹੋਏ ਮਾਰਕ ਜ਼ਕਰਬਰਗ

ਸ਼ੇਅਰ ਬਜ਼ਾਰ ਵਿਚ ਆਈ ਇਸ ਤੇਜ਼ੀ ਨਾਲ ਜ਼ਕਰਬਰਗ ਇਕ ਵਾਰ ਫਿਰ ਅਮਰੀਕਾ ਦੀ ਸੂਚੀ ਵਿਚ ਪਲਾਂਗ ਲਗਾ ਚੁੱਕੇ ਹਨ। ਉਹ ਦੁਨੀਆਂ ਦੇ ਟਾਪ 10 ਅਮੀਰਾਂ ਦੀ ਸੂਚੀ ਵਿਚ ਤੀਜੇ ਸਥਾਨ ‘ਤੇ ਪਹੁੰਚ ਚੁੱਕੇ ਹਨ। ਉਹਨਾਂ ਤੋਂ ਉੱਪਰ ਸਿਰਫ਼ ਐਮਾਜ਼ੋਨ ਦੀ ਸੀਈਓ ਜੈਫ ਬੇਜੋਸ (194 ਅਰਬ ਡਾਲਰ) ਅਤੇ ਮਾਈਕ੍ਰੋਸਾਫ਼ਟ ਦੇ ਸੰਸਥਾਪਕ ਬਿਲ ਗੇਟਸ (122 ਅਰਬ ਡਾਲਰ) ਹੀ ਹਨ।

ਹਾਲਾਂਕਿ ਅਜਿਹਾ ਨਹੀਂ ਹੈ ਕਿ ਜ਼ਕਰਬਰਗ ਦੀ ਜਾਇਦਾਦ ਪਹਿਲੀ ਵਾਰ 100 ਅਰਬ ਡਾਲਰ ਤੋਂ ਪਾਰ ਹੋਈ ਹੈ। ਇਸ ਤੋਂ ਪਹਿਲਾਂ 7 ਅਗਸਤ ਨੂੰ ਜਦੋਂ ਫੇਸਬੁੱਕ ਦੇ ਸ਼ੇਅਰ ਰਿਕਾਰਡ ਹਾਈ ‘ਤੇ ਪਹੁੰਚ ਗਏ ਸੀ, ਤਾਂ ਵੀ ਜ਼ਕਰਬਰਗ ਦੀ ਜਾਇਦਾਦ 100 ਅਰਬ ਡਾਲਰ ਤੋਂ ਪਾਰ ਹੋ ਗਈ ਸੀ।

ਚੌਥੇ ਸਥਾਨ ‘ਤੇ ਪਹੁੰਚੇ ਮਸਕ

ਉਹਨਾਂ ਨੇ ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲਨ ਮਸਕ ਨੂੰ ਪਛਾੜਦੇ ਹੋਏ ਉਹਨਾਂ ਨੂੰ ਚੌਥੇ ਸਥਾਨ ‘ਤੇ ਪਹੁੰਚਾ ਦਿੱਤਾ ਹੈ। ਹਾਲਾਂਕਿ ਮਸਕ ਦੀ ਜਾਇਦਾਦ ਵੀ ਪਿਛਲੇ ਕੁਝ ਦਿਨਾਂ ਤੋਂ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਹ ਵੀ 100 ਅਰਬ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ।