BJP ਸਬੰਧੀ ਗਰੁੱਪ ਅਤੇ ਲੋਕਾਂ ‘ਤੇ Facebook ਮਿਹਰਬਾਨ, ਭੜਕਾਊ ਬਿਆਨ ਦੇ ਬਾਵਜੂਦ ਕਾਰਵਾਈ ਨਹੀਂ 

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਫੇਸਬੁੱਕ ਦੇ ਇਕ ਅਧਿਕਾਰੀ ਨੇ ਭਾਜਪਾ ਦੇ ਨੇਤਾ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਭੜਕਾਊ ਬਿਆਨ ਲਈ ਨਿਰਧਾਰਤ ਨਿਯਮ ਲਗਾਉਣ ਦਾ ਵਿਰੋਧ ਕੀਤਾ ਸੀ।

BJP-Facebook

ਨਵੀਂ ਦਿੱਲੀ: ਭਾਰਤ ਵਿਚ ਫੇਸਬੁੱਕ ਦੇ ਇਕ ਅਧਿਕਾਰੀ ਨੇ ਭਾਜਪਾ ਦੇ ਨੇਤਾ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਭੜਕਾਊ ਬਿਆਨ ਲਈ ਨਿਰਧਾਰਤ ਨਿਯਮ ਲਗਾਉਣ ਦਾ ਵਿਰੋਧ ਕੀਤਾ ਸੀ।
ਵਾਲ ਸਟਰੀਟ ਜਰਨਲ ਦੀ ਇਕ ਰਿਪੋਰਟ ਵਿਚ ਦੱਸਿਆ ਗਿਆ ਕਿ ਭਾਰਤ ਵਿਚ ਫੇਸਬੁੱਕ ਦੇ ਇਕ ਸੀਨੀਅਰ ਅਧਿਕਾਰੀ ਨੇ ਭਾਜਪਾ ਦੇ ਇਕ ਨੇਤਾ ਅਤੇ ਹੋਰ ‘ਹਿੰਦੂ ਰਾਸ਼ਟਰਵਾਦੀ ਲੋਕਾਂ ਅਤੇ ਸਮੂਹਾਂ’ ਦੇ ਭੜਕਾਊ ਬਿਆਨ ਨੂੰ ਲੈ ਕੇ ਉਹਨਾਂ ‘ਤੇ ਭੜਕਾਊ ਬਿਆਨ ਨਿਯਮ ਲਗਾਏ ਜਾਣ ਦਾ ਵਿਰੋਧ ਕੀਤਾ ਸੀ।

ਇਹਨਾਂ ਲੋਕਾਂ ਅਤੇ ਸਮੂਹਾਂ ਵੱਲੋਂ ਫੇਸਬੁੱਕ ‘ਤੇ ਪੋਸਟ ਕੀਤੀ ਗਈ ਸਮੱਗਰੀ ਨੂੰ ‘ਪੂਰੀ ਤਰ੍ਹਾਂ ਹਿੰਸਾ ਨੂੰ ਉਤਸ਼ਾਹ ਦੇਣ ਵਾਲਾ’ ਮੰਨਿਆ ਗਿਆ, ਇਸ ਦੇ ਬਾਵਜੂਦ ਇਸ ਦਾ ਬਚਾਅ ਕੀਤਾ ਜਾਂਦਾ ਰਿਹਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਫੇਸਬੁੱਕ ਦੇ ਦੱਖਣੀ ਅਤੇ ਮੱਧ ਏਸ਼ੀਆ ਚਾਰਜ ਦੇ ਪਾਲਿਸੀ ਨਿਰਦੇਸ਼ਕ ਨੇ ਭਾਜਪਾ ਨੇਤਾ ਟੀ ਰਾਜਾ ਸਿੰਘ ਖਿਲਾਫ਼ ਫੇਸਬੁੱਕ ‘ਤੇ ਭੜਕਾਊ ਬਿਆਨ ਨਿਯਮਾਂ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਇਸ ਨਾਲ ਕੰਪਨੀ ਦੇ ਸਬੰਧ ਭਾਜਪਾ ਨਾਲ ਵਿਗੜ ਸਕਦੇ ਹਨ।

ਟੀ.ਰਾਜਾ ਸਿੰਘ ਤੇਲੰਗਾਨਾ ਵਿਧਾਨਸਭਾ ਵਿਚ ਭਾਜਪਾ ਦੇ ਇਕਲੌਤੇ ਵਿਧਾਇਕ ਹਨ ਅਤੇ ਉਹ ਅਪਣੇ ਫਿਰਕੂ ਅਤੇ ਭੜਕਾਊ ਬਿਆਨਾਂ ਲਈ ਜਾਣੇ ਜਾਂਦੇ ਹਨ। ਇਸ ਰਿਪੋਰਟ ਵਿਚ ਫੇਸਬੁੱਕ ਦੇ ਕੁਝ ਸਾਬਕਾ ਅਤੇ ਕੁਝ ਮੌਜੂਦਾ ਕਰਮਚਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਆਂਖੀ ਦਾਸ ਨੇ ਅਪਣੇ ਸਟਾਫ਼ ਨੂੰ ਦੱਸਿਆ ਕਿ ਮੋਦੀ ਦੇ ਨੇਤਾਵਾਂ ਵੱਲੋਂ ਨਿਯਮਾਂ ਦਾ ਉਲੰਘਣ ਕਰਨ ‘ਤੇ ਉਹਨਾਂ ਨੂੰ ਸਜ਼ਾ ਦੇਣ ਨਾਲ ਭਾਰਤ ਵਿਚ ਕੰਪਨੀ ਦੀਆਂ ਕਾਰੋਬਾਰੀ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਦੱਸ ਦਈਏ ਕਿ ਭਾਰਤ ਵਿਚ ਫੇਸਬੁੱਕ ਯੂਜ਼ਰਸ ਦੀ ਗਿਣਤੀ ਉਸ ਦੇ ਗਲੋਬਰ ਮਾਰਕਿਟ ਯੂਜ਼ਰਸ ਵਿਚੋਂ ਸਭ ਤੋਂ ਜ਼ਿਆਦਾ ਹੈ। ਰਿਪੋਰਟ ਅਨੁਸਾਰ ਫੇਸਬੁੱਕ ਦੇ ਅੰਦਰੂਨੀ ਸਟਾਫ਼ ਦਾ ਮੰਨਣਾ ਹੈ ਕਿ ਕੰਪਨੀ ਦੀ ਪਾਲਿਸੀ ਦੇ ਤਹਿਤ ਵਿਧਾਇਕ ਨੂੰ ਫੇਸਬੁੱਕ ਤੋਂ ਬੈਨ ਕਰ ਦੇਣਾ ਚਾਹੀਦਾ ਹੈ। ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਦਾ ਕਹਿਣਾ ਹੈ ਕਿ ਦਾਸ ਨੇ ਇਸ ਮਾਮਲੇ ਵਿਚ ਰਾਜਨੀਤਿਕ ਨਤੀਜੇ ਨਿਕਲਣ ਦਾ ਹਵਾਲਾ ਦਿੱਤਾ ਸੀ ਪਰ ਪਲੇਟਫਾਰਮ 'ਤੇ ਪਾਬੰਦੀ ਨਾ ਲਗਾਉਣ ਦੇ ਹੋਰ ਵੀ ਕਈ ਕਾਰਨ ਹਨ।

ਬੁਲਾਰੇ ਨੇ ਦੱਸਿਆ ਕਿ ਫੇਸਬੁੱਕ ਹਾਲੇ ਵੀ ਵਿਚਾਰ ਕਰ ਰਹੀ ਹੈ ਕਿ ਕੀ ਰਾਜਾ ਸਿੰਘ  ‘ਤੇ ਪਾਬੰਦੀ ਲਗਾਈ ਜਾਵੇ ਜਾਂ ਨਹੀਂ। ਵਾਲ ਸਟਰੀਟ ਜਰਨਲ ਮੁਤਾਬਕ ਭਾਜਪਾ ਨੇਤਾਵਾਂ ਵੱਲੋਂ ਮੁਸਲਮਾਨਾਂ ‘ਤੇ ਜਾਣਬੁੱਝ ਕੇ ਕੋਰੋਨਾ ਵਾਇਰਸ ਫੈਲਾਉਣ ਦਾ ਅਰੋਪ ਲਗਾਉਣ, ਦੇਸ਼ ਖਿਲਾਫ ਸਾਜ਼ਿਸ਼ ਰਚ ਕੇ ਜਾਂ ‘ਲਵ ਜਿਹਾਦ’ ਬਾਰੇ ਲਿਖਣ ਤੋਂ ਬਾਅਦ ਵੀ ਦਾਸ ਦੀ ਟੀਮ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ।]