ਨਵੇਂ ਸਾਲ 'ਚ ਲੱਗੇਗਾ ਝਟਕਾ, ਹਰ ਚੀਜ ਹੋਵੇਗੀ ਮਹਿੰਗੀ

ਏਜੰਸੀ

ਖ਼ਬਰਾਂ, ਵਪਾਰ

ਬਿਸਕੂਟ ਤੋਂ ਲੈ ਕੇ TV, ਫਰਿੱਜ ਹੋਣਗੇ ਮਹਿੰਗੇ

File Photo

ਨਵੀਂ ਦਿੱਲੀ- ਨਿਊਡਲਜ਼, ਬਿਸਕੁਟ ਵਰਗੇ ਖਾਣ-ਪੀਣ ਵਾਲੇ ਸਮਾਨਾਂ ਲਈ ਜਲਦ ਹੀ ਤੁਹਾਨੂੰ ਪਹਿਲਾਂ ਨਾਲੋਂ ਜੇਬ ਜ਼ਿਆਦਾ ਢਿੱਲੀ ਕਰਨੀ ਪੈ ਸਕਦੀ ਹੈ। ਇਸ ਦੇ ਨਾਲ ਹੀ ਜਨਵਰੀ ਤੋਂ ਟੈਲੀਵਿਜ਼ਨ ਅਤੇ ਫਰਿੱਜਾਂ ਦੀਆਂ ਕੀਮਤਾਂ 'ਚ ਵੀ ਵਾਧਾ ਹੋਣ ਜਾ ਰਿਹਾ ਹੈ। ਇਨ੍ਹਾਂ ਨੂੰ ਬਣਾਉਣ ਦੀ ਲਾਗਤ 'ਚ ਵਾਧਾ ਹੋਣ ਕਾਰਨ ਕੰਪਨੀਆਂ ਹੁਣ ਇਸ ਦਾ ਬੋਝ ਗਾਹਕਾਂ 'ਤੇ ਪਾਉਣ ਦੀ ਤਿਆਰੀ 'ਚ ਹਨ।

ਨੈਸਲੇ, ਪਾਰਲੇ ਤੇ ITC ਸਮੇਤ ਹੋਰ ਐੱਫ.ਐੱਮ.ਸੀ.ਜੀ. ਫਰਮਾਂ ਦਾ ਕਹਿਣਾ ਹੈ ਕਿ ਕਣਕ, ਖਾਣ ਵਾਲੇ ਤੇਲ ਤੇ ਖੰਡ ਵਰਗੀਆਂ ਚੀਜ਼ਾਂ ਦੀਆਂ ਕੀਮਤਾਂ 'ਚ 12 ਤੋਂ 20 ਫੀਸਦੀ ਦਾ ਵਾਧਾ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਕੀਮਤਾਂ 'ਚ ਵਾਧਾ ਜਾਂ ਪੈਕ ਦਾ ਸਾਈਜ਼ ਘਟਾਉਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਫੀਡ ਮਹਿੰਗੀ ਹੋਣ ਨਾਲ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਦੀ ਕੀਮਤ ਪਹਿਲਾਂ ਹੀ ਵੱਧ ਚੁੱਕੀ ਹੈ। 

ਹਾਲ ਹੀ 'ਚ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਅਤੇ ਮਦਰ ਡੇਅਰੀ ਨੇ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਕੰਜ਼ਿਊਮਰ ਇਲੈਕਟ੍ਰਾਨਿਕਸ ਦੀ ਗੱਲ ਕਰੀਏ ਤਾਂ ਫਲੈਟ-ਪੈਨਲ ਦੀ ਲਾਗਤ ਵਧਣ ਅਤੇ ਨਵੇਂ ਸਖਤ ਊਰਜਾ-ਰੇਟਿੰਗ ਨਿਯਮਾਂ ਕਾਰਨ ਟੀ. ਵੀ. ਅਤੇ ਫਰਿੱਜਾਂ ਦੀਆਂ ਕੀਮਤਾਂ 'ਚ 8,00 ਤੋਂ 1,000 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ।

ITC ਦੇ ਕਾਰਜਕਾਰੀ ਨਿਰਦੇਸ਼ਕ (ਐੱਫ. ਐੱਮ. ਸੀ. ਜੀ.) ਬੀ ਸੁਮੰਤ ਨੇ ਕਿਹਾ ਕਿ ਲਗਭਗ ਸਾਰੇ ਸਮਾਨਾਂ ਦੀ ਇਨਪੁਟ ਲਾਗਤ ਵਧੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਬਾਜ਼ਾਰ ਲੀਡਰ ਕੀਮਤਾਂ ਵਧਾਉਣ ਦਾ ਐਲਾਨ ਕਰ ਸਕਦੇ ਹਨ।

ਖਪਤਕਾਰਾਂ 'ਤੇ ਬਿਸਕੁਟ, ਜਲਦ ਬਣਨ ਵਾਲੇ ਨਿਊਡਲਜ਼, ਸਨੈਕਸ, ਫ੍ਰੋਜ਼ਨ ਫੂਡ, ਕੇਕ ਅਤੇ ਰੈਡੀ-ਟੂ-ਈਟ ਮੀਲ ਦੀ ਮਹਿੰਗਾਈ ਦਾ ਬੋਝ ਉਸ ਵਕਤ ਹੋਰ ਵਧਣ ਜਾ ਰਿਹਾ ਹੈ ਜਦੋਂ ਬਾਜ਼ਾਰ 'ਚ ਪਹਿਲਾਂ ਹੀ ਕਈ ਚੀਜ਼ਾਂ ਦੀ ਕੀਮਤ ਵਧਣ ਨਾਲ ਜੇਬ ਢਿੱਲੀ ਹੋ ਰਹੀ ਹੈ। ਦਿੱਗਜ ਬਿਸਕੁਟ ਕੰਪਨੀ ਪਾਰਲੇ ਨੇ ਕਿਹਾ ਕਿ ਕਾਰਪੋਰੇਟ ਟੈਕਸ ਦਰਾਂ 'ਚ ਕਟੌਤੀ ਨਾਲ ਥੋੜ੍ਹੀ ਰਾਹਤ ਮਿਲੀ ਹੈ ਪਰ ਜੇਕਰ ਕੋਮੋਡਿਟੀ 'ਚ ਮਹਿੰਗਾਈ ਜਾਰੀ ਰਹੀ ਤਾਂ ਕੰਪਨੀ ਨੂੰ ਪ੍ਰਾਡਕਟਸ ਦੀਆਂ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ।