ਸੁੰਦਰ ਪਿਚਾਈ ਨੇ 2022 ਵਿੱਚ ਕੀਤੀ 1,854 ਕਰੋੜ ਰੁਪਏ ਦੀ ਕਮਾਈ

ਏਜੰਸੀ

ਖ਼ਬਰਾਂ, ਵਪਾਰ

ਇਨ੍ਹਾਂ ਵਿਚੋਂ ਸਟਾਕ ਇਨਾਮਾਂ ਤੋਂ ਮਿਲੇ 1,788 ਕਰੋੜ ਰੁਪਏ

Sundar Pichai

ਨਵੀਂ ਦਿੱਲੀ : ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ ਨੇ 2022 ਵਿੱਚ ਆਪਣੇ ਸੀਈਓ ਸੁੰਦਰ ਪਿਚਾਈ ਨੂੰ ਕੁੱਲ 1,854 ਕਰੋੜ ਰੁਪਏ (226 ਮਿਲੀਅਨ ਡਾਲਰ) ਦਾ ਭੁਗਤਾਨ ਕੀਤਾ ਹੈ। ਇਸ ਆਮਦਨ ਦਾ ਵੱਡਾ ਹਿੱਸਾ ਕੰਪਨੀ ਦੇ ਸ਼ੇਅਰਾਂ ਤੋਂ ਹੋਣ ਵਾਲੀ ਕਮਾਈ ਦਾ ਹੈ। ਕੰਪਨੀ ਨੇ ਅਮਰੀਕੀ ਸ਼ੇਅਰ ਬਾਜ਼ਾਰ ਨੂੰ ਇਸ ਬਾਰੇ ਵੇਰਵੇ ਦਿੱਤੇ ਹਨ। ਗੂਗਲ ਦੇ ਸੀਈਓ ਸੁੰਦਰ ਪਿਚਾਈ ਦੀ ਤਨਖਾਹ ਵਿੱਚ ਸਟਾਕ ਵਿਕਲਪ ਵੀ ਸ਼ਾਮਲ ਹਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਦੀ ਕੁੱਲ ਅਦਾਇਗੀ ਵਿੱਚ ਸਟਾਕ ਇਨਾਮ ਲਗਭਗ 1,788 ਕਰੋੜ ਰੁਪਏ (218 ਮਿਲੀਅਨ ਡਾਲਰ) ਰਿਹਾ ਹੈ।

ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਫਾਈਲਿੰਗ ਦੇ ਅਨੁਸਾਰ, ਪਿਛਲੇ ਸਾਲ ਅਲਫਾਬੇਟ ਦੇ ਕਰਮਚਾਰੀਆਂ ਦੀ ਔਸਤ ਤਨਖ਼ਾਹ ਲਗਭਗ 2.42 ਕਰੋੜ ($2,95,884) ਸੀ। ਅਮਰੀਕਾ ਦੀਆਂ 20 ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਦੇ ਮੁਕਾਬਲੇ, ਅਲਫਾਬੇਟ ਨੇ ਆਪਣੇ ਕਰਮਚਾਰੀਆਂ ਨੂੰ ਆਪਣੇ ਮੁਕਾਬਲੇਬਾਜ਼ਾਂ ਨਾਲੋਂ 153% ਵੱਧ ਭੁਗਤਾਨ ਕੀਤਾ।

ਇਹ ਵੀ ਪੜ੍ਹੋ: ਇਸਰੋ ਵਲੋਂ ਪੀ.ਐਸ.ਐਲ.ਵੀ.-ਸੀ. 55 ਮਿਸ਼ਨ ਸਫ਼ਲਤਾਪੂਰਵਕ ਲਾਂਚ

ਇਸ ਸਾਲ ਜਨਵਰੀ ਵਿੱਚ, ਗੂਗਲ ਨੇ ਆਪਣੇ ਕੁੱਲ ਕਰਮਚਾਰੀਆਂ ਦੇ 6% ਯਾਨੀ 12,000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਐਲਾਨ ਕੀਤਾ ਸੀ। ਉਦੋਂ ਤੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਗੂਗਲ ਦੇ ਕਰਮਚਾਰੀ ਤਨਖ਼ਾਹ ਵਿਚ ਫਰਕ, ਲਾਗਤ ਵਿਚ ਕਟੌਤੀ ਅਤੇ ਛਾਂਟੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਸ ਮਹੀਨੇ ਦੇ ਸ਼ੁਰੂ ਵਿੱਚ, ਸੈਂਕੜੇ ਕਰਮਚਾਰੀਆਂ ਨੇ ਕੰਪਨੀ ਦੇ ਲੰਡਨ ਦਫ਼ਤਰ ਦੇ ਬਾਹਰ ਛਾਂਟੀ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਮਾਰਚ ਵਿੱਚ, ਗੂਗਲ ਦੇ ਜ਼ਿਊਰਿਖ ਦਫ਼ਤਰ ਵਿੱਚ 200 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਕਰਮਚਾਰੀਆਂ ਨੇ ਪ੍ਰਦਰਸ਼ਨ ਕੀਤਾ ਸੀ।

2019 ਤੋਂ, ਸੁੰਦਰ ਪਿਚਾਈ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਦੇ ਸੀਈਓ ਹਨ। ਸੁੰਦਰ ਪਿਚਾਈ ਸਾਲ 2014 ਵਿੱਚ ਗੂਗਲ ਦੇ ਮੁਖੀ ਬਣੇ ਸਨ। 50 ਸਾਲਾ ਪਿਚਾਈ ਦਾ ਜਨਮ 10 ਜੂਨ 1972 ਨੂੰ ਮਦੁਰਾਈ, ਤਾਮਿਲਨਾਡੂ ਵਿੱਚ ਹੋਇਆ ਸੀ।

ਸੁੰਦਰ ਪਿਚਾਈ ਚੇਨਈ, ਤਾਮਿਲਨਾਡੂ ਵਿੱਚ ਵੱਡੇ ਹੋਏ ਅਤੇ ਆਈਆਈਟੀ ਵਿੱਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਸਟੈਨਫੋਰਡ ਯੂਨੀਵਰਸਿਟੀ ਤੋਂ ਮਾਸਟਰਜ਼ ਕੀਤਾ ਅਤੇ ਫਿਰ ਵਾਰਟਨ ਸਕੂਲ ਤੋਂ ਐਮ.ਬੀ.ਏ.ਕੀਤੀ। ਉਨ੍ਹਾਂ ਨੇ  2004 ਵਿੱਚ ਗੂਗਲ ਵਿੱਚ ਨੌਕਰੀ ਸ਼ੁਰੂ ਕੀਤੀ।