2000 ਦੇ ਨੋਟ ਬਦਲਣ ਲਈ ਲੋਕ ਖਰੀਦ ਰਹੇ 15% ਤੱਕ ਮਹਿੰਗਾ ਸੋਨਾ

ਏਜੰਸੀ

ਖ਼ਬਰਾਂ, ਵਪਾਰ

60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦਾ ਸੋਨਾ ਫਿਲਹਾਲ 65-70 ਹਜ਼ਾਰ ਦੇ ਹਿਸਾਬ ਨਾਲ ਵਿਕ ਰਿਹਾ ਹੈ

photo

 

ਨਵੀਂ ਦਿੱਲੀ : ਕੇਂਦਰੀ ਬੈਂਕ ਦੇ ਦੋ ਹਜ਼ਾਰ ਦੇ ਨੋਟ ਨੂੰ ਬਾਹਰ ਕੱਢਣ ਦੇ ਫੈਸਲੇ ਤੋਂ ਬਾਅਦ ਹੁਣ ਲੋਕਾਂ ਨੇ ਇਸ ਨੂੰ ਘਰਾਂ ਤੋਂ ਹਟਾਉਣਾ ਸ਼ੁਰੂ ਕਰ ਦਿਤਾ ਹੈ। ਸਥਿਤੀ ਇਹ ਹੈ ਕਿ ਦੇਸ਼ ਭਰ 'ਚ ਲੋਕ 10-15 ਫੀਸਦੀ ਮਹਿੰਗਾ ਸੋਨਾ ਖਰੀਦ ਰਹੇ ਹਨ। 60 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦਾ ਸੋਨਾ ਫਿਲਹਾਲ 65-70 ਹਜ਼ਾਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਗੁਜਰਾਤ, ਮੁੰਬਈ, ਕੋਲਕਾਤਾ ਤੋਂ ਲੈ ਕੇ ਹਰ ਸ਼ਹਿਰ ਵਿਚ ਇਹੀ ਹਾਲਤ ਹੈ।

ਜਵੈਲਰਜ਼ ਐਸੋਸੀਏਸ਼ਨਾਂ ਦੇ ਅਨੁਸਾਰ, ਆਪਣੇ ਗਾਹਕ ਨੂੰ ਜਾਣੋ (ਕੇਵਾਈਸੀ) ਨਿਯਮਾਂ ਕਾਰਨ ਪਿਛਲੇ ਦੋ ਦਿਨਾਂ ਵਿਚ 2,000 ਰੁਪਏ ਦੇ ਨੋਟਾਂ ਦੇ ਮੁਕਾਬਲੇ ਸੋਨੇ ਦੀ ਅਸਲ ਖਰੀਦ ਘੱਟ ਰਹੀ ਹੈ। ਹਾਲਾਂਕਿ, ਕੁਝ ਗਹਿਣਾ ਵਿਕਰੇਤਾ 2,000 ਰੁਪਏ ਦੇ ਨੋਟਾਂ ਨਾਲ ਖਰੀਦੇ ਗਏ ਸੋਨੇ ਲਈ 10-15 ਫੀਸਦੀ ਜ਼ਿਆਦਾ ਵਸੂਲੀ ਕਰ ਰਹੇ ਹਨ। 

ਆਲ ਇੰਡੀਆ ਜੇਮਸ ਐਂਡ ਜਿਊਲਰੀ ਡੋਮੇਸਟਿਕ ਕੌਂਸਲ ਦੇ ਚੇਅਰਮੈਨ ਸਯਾਮ ਮਹਿਰਾ ਨੇ ਕਿਹਾ, ''2000 ਰੁਪਏ ਦੇ ਨੋਟਾਂ ਦੇ ਮੁਕਾਬਲੇ ਸੋਨਾ ਜਾਂ ਚਾਂਦੀ ਖਰੀਦਣ ਲਈ ਬਹੁਤ ਸਾਰੀਆਂ ਪੁੱਛਗਿੱਛਾਂ ਹਨ। ਇਸੇ ਕਾਰਨ ਸ਼ਨੀਵਾਰ ਨੂੰ ਸ਼ੋਅਰੂਮ 'ਚ ਜ਼ਿਆਦਾ ਗਾਹਕ ਨਜ਼ਰ ਆਏ। ਹਾਲਾਂਕਿ, ਸਖਤ ਕੇਵਾਈਸੀ ਨਿਯਮਾਂ ਕਾਰਨ ਅਸਲ ਖਰੀਦਦਾਰੀ ਘੱਟ ਰਹੀ ਹੈ।

ਵਪਾਰੀਆਂ ਨੇ ਕਿਹਾ, ਗਾਹਕਾਂ ਦਾ ਰੁਝਾਨ ਹੁਣ ਡਿਜੀਟਲ ਵੱਲ ਜ਼ਿਆਦਾ ਹੈ। ਇਸ ਲਈ 2,000 ਰੁਪਏ ਦੇ ਨੋਟ ਵਾਪਸ ਲੈਣ ਨਾਲ ਗਹਿਣਿਆਂ ਦੇ ਕਾਰੋਬਾਰ 'ਤੇ ਕੋਈ ਅਸਰ ਨਹੀਂ ਪਵੇਗਾ।

ਤੁਹਾਨੂੰ ਦੱਸ ਦੇਈਏ ਕਿ 19 ਮਈ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ, ਪਰ 30 ਸਤੰਬਰ ਤੱਕ ਲੋਕਾਂ ਨੂੰ ਅਜਿਹੇ ਨੋਟ ਆਪਣੇ ਖਾਤਿਆਂ ਵਿਚ ਜਮ੍ਹਾ ਕਰਵਾਉਣ ਜਾਂ ਬੈਂਕਾਂ ਵਿਚ ਤਬਦੀਲ ਕਰਨ ਦਾ ਸਮਾਂ ਦਿਤਾ ਗਿਆ ਹੈ। ਇਸ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2,000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਲਈ ਕਿਹਾ ਹੈ।